Florida

USA: ਫਲੋਰੀਡਾ ‘ਚ ਦੋ ਵਾਰ ਗੋਲੀਬਾਰੀ, ਕਵਰੇਜ ਕਰ ਰਹੇ ਪੱਤਰਕਾਰ ਸਮੇਤ ਤਿੰਨ ਜਣਿਆਂ ਦੀ ਮੌਤ

ਚੰਡੀਗੜ, 23 ਫਰਵਰੀ 2023: ਅਮਰੀਕਾ ਦੇ ਫਲੋਰੀਡਾ (Florida) ‘ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ। ਇਸ ਘਟਨਾ ਵਿੱਚ ਕੁੱਲ 3 ਜਣਿਆਂ ਦੀ ਮੌਤ ਦੀ ਖ਼ਬਰ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਸਨ। ਦਰਅਸਲ ਵੀਰਵਾਰ ਸਵੇਰੇ ਇਕ ਹਮਲਾਵਰ ਨੇ 20 ਸਾਲਾ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ।

ਇਸ ਦੌਰਾਨ ਘਟਨਾ ਦੀ ਕਵਰੇਜ ਕਰਨ ਲਈ ਦੋ ਪੱਤਰਕਾਰ ਪਹੁੰਚੇ। ਇਸ ਦੌਰਾਨ ਹਮਲਾਵਰ ਫਿਰ ਆਇਆ ਅਤੇ ਪੱਤਰਕਾਰਾਂ ਸਮੇਤ ਮਾਂ-ਧੀ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਇੱਕ ਪੱਤਰਕਾਰ ਅਤੇ ਇੱਕ 9 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਘਟਨਾ ਫਲੋਰੀਡਾ (Florida) ਦੇ ਆਰੇਂਜ ਕਾਊਂਟੀ ‘ਚ ਵੀਰਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਪੁਲਿਸ ਅਧਿਕਾਰੀ ਜੌਹਨ ਮੀਨਾ ਨੇ ਦੱਸਿਆ- 19 ਸਾਲਾ ਦੋਸ਼ੀ ਕੀਥ ਮੇਲਵਿਨ ਮੂਸ ਨੇ 20 ਸਾਲਾ ਲੜਕੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਅਸੀਂ ਮੌਕੇ ‘ਤੇ ਪਹੁੰਚ ਗਏ। ਸਥਾਨਕ ਮੀਡੀਆ ‘ਸਪੈਕਟਰਮ ਨਿਊਜ਼ 13’ ਦੇ ਦੋ ਪੱਤਰਕਾਰ ਵੀ ਰਿਪੋਰਟਿੰਗ ਲਈ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਦੋਸ਼ੀ ਫਿਰ ਤੋਂ ਵਾਰਦਾਤ ਵਾਲੀ ਥਾਂ ‘ਤੇ ਆਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਅਧਿਕਾਰੀ ਜੌਹਨ ਨੇ ਕਿਹਾ ਕਿ ਉਸ ਨੇ ਦੋਵਾਂ ਪੱਤਰਕਾਰਾਂ ‘ਤੇ ਗੋਲੀ ਚਲਾਈ। ਇਸ ਤੋਂ ਬਾਅਦ ਨੇੜਲੇ ਘਰ ਵਿੱਚ ਮੌਜੂਦ ਮਾਂ-ਧੀ ਨੂੰ ਵੀ ਗੋਲੀ ਮਾਰ ਦਿੱਤੀ ਗਈ। ਇਸ ਹਮਲੇ ‘ਚ ਇਕ ਪੱਤਰਕਾਰ ਅਤੇ 9 ਸਾਲਾ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਹੋਰ ਪੱਤਰਕਾਰ ਅਤੇ ਬੱਚੇ ਦੀ ਮਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਪੂਰੀ ਘਟਨਾ ‘ਚ 3 ਜਣਿਆਂ ਦੀ ਮੌਤ ਹੋ ਗਈ। 2 ਜਣੇ ਜ਼ਖਮੀ ਹੋ ਗਏ।

Scroll to Top