July 4, 2024 5:14 pm
Michigan

USA: ਮਿਸ਼ੀਗਨ ਦੀ ਸਟੇਟ ਯੂਨੀਵਰਸਿਟੀ ਕੈਂਪਸ ‘ਚ ਗੋਲੀਬਾਰੀ, ਤਿੰਨ ਜਣਿਆਂ ਦੀ ਮੌਤ ਪੰਜ ਜ਼ਖਮੀ

ਚੰਡੀਗੜ੍ਹ,14 ਫਰਵਰੀ 2023: ਅਮਰੀਕਾ ਦੇ ਮਿਸ਼ੀਗਨ (Michigan) ‘ਚ ਸਥਿਤ ਸਟੇਟ ਯੂਨੀਵਰਸਿਟੀ ਕੈਂਪਸ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆ ਰਹੀ ਹੈ। ਇਸ ਗੋਲੀਬਾਰੀ ‘ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਇਕੱਲਾ ਸੀ ਅਤੇ ਫਿਲਹਾਲ ਫਰਾਰ ਹੈ, ਜਿਸ ਨੂੰ ਫੜਨ ਲਈ ਪੁਲਿਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਘਟਨਾ ਸੋਮਵਾਰ ਅੱਧੀ ਰਾਤ ਦੀ ਹੈ।

ਦੂਜੇ ਪਾਸੇ ਪੁਲਿਸ ਨੇ ਇਸ ਘਟਨਾ ਨੂੰ ਸਮੂਹਿਕ ਗੋਲੀਬਾਰੀ ਦੀ ਘਟਨਾ ਦੱਸਦਿਆਂ ਇਸ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਗੋਲੀਬਾਰੀ ਦੋ ਥਾਵਾਂ ’ਤੇ ਹੋਈ ਹੈ। ਇਹਨਾਂ ਵਿੱਚੋਂ ਇੱਕ ਅਕਾਦਮਿਕ ਇਮਾਰਤ ਹੈ ਜਿਸਨੂੰ ਬਰਕ ਹਾਲ ਅਤੇ ਐਥਲੈਟਿਕ ਫੈਸਿਲਿਟੀ ਸੈਂਟਰ ਕਿਹਾ ਜਾਂਦਾ ਹੈ। ਗੋਲੀਬਾਰੀ ‘ਚ ਜ਼ਖਮੀ ਵਿਕਅਤੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੇ ਗੋਲੀਬਾਰੀ ਦੇ ਸਮੇਂ ਮਾਸਕ ਪਾਇਆ ਹੋਇਆ ਸੀ ਅਤੇ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਕਾਰਨ ਯੂਨੀਵਰਸਿਟੀ ਦੀਆਂ ਸਾਰੀਆਂ ਕਲਾਸਾਂ ਅਗਲੇ 48 ਘੰਟਿਆਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਗੋਲੀਬਾਰੀ ‘ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਇਸ ਤੋਂ ਪਹਿਲਾਂ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਸੀ। ਇਸ ਦੇ ਨਾਲ ਹੀ ਪੰਜ ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਤੁਹਾਨੂੰ ਦੱਸ ਦੇਈਏ ਕਿ ਮਿਸ਼ੀਗਨ (Michigan) ਸਟੇਟ ਯੂਨੀਵਰਸਿਟੀ ਉੱਚ ਸਿੱਖਿਆ ਦੀ ਇੱਕ ਮਾਨਤਾ ਪ੍ਰਾਪਤ ਸੰਸਥਾ ਹੈ। ਇਸ ਯੂਨੀਵਰਸਿਟੀ ਦੇ ਈਸਟ ਲੈਂਸਿੰਗ ਕੈਂਪਸ ਵਿੱਚ ਲਗਭਗ 50,000 ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਪੜ੍ਹਦੇ ਹਨ। ਇਸ ਤੋਂ ਪਹਿਲਾਂ 30 ਨਵੰਬਰ 2021 ਨੂੰ ਮਿਸ਼ੀਗਨ ਦੇ ਓਕਲੈਂਡ ਕਾਉਂਟੀ ਦੇ ਆਕਸਫੋਰਡ ਹਾਈ ਸਕੂਲ ਵਿੱਚ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ਵਿੱਚ ਇੱਕ 15 ਸਾਲਾ ਵਿਦਿਆਰਥੀ ਨੇ ਸੈਮੀ ਆਟੋਮੈਟਿਕ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਉਸ ਹਮਲੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਵਿਦਿਆਰਥੀ ਅਤੇ ਅਧਿਆਪਕ ਜ਼ਖ਼ਮੀ ਹੋ ਗਏ ਸਨ।