ਚੰਡੀਗੜ੍ਹ, 07 ਮਾਰਚ, 2023: ਅਮਰੀਕਾ ਦੇ ਨਿਊਯਾਰਕ (New York) ‘ਚ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਬੇਟੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਇਕ ਟੈਸਟ ਫਲਾਈਟ ਸੀ ਅਤੇ ਇਸ ‘ਚ ਸਿਰਫ ਔਰਤ, ਉਸ ਦੀ ਬੇਟੀ ਅਤੇ ਪਾਇਲਟ ਸਵਾਰ ਸਨ। ਮ੍ਰਿਤਕ ਔਰਤ ਦੀ ਪਛਾਣ 63 ਸਾਲਾ ਰੋਮਾ ਗੁਪਤਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਉਨ੍ਹਾਂ ਦੀ ਬੇਟੀ 33 ਸਾਲਾ ਰੀਵਾ ਗੁਪਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।
ਖਬਰਾਂ ਮੁਤਾਬਕ ਉਡਾਣ ਦੌਰਾਨ ਜਦੋਂ ਜਹਾਜ਼ ਲੌਂਗ ਆਈਲੈਂਡ ਹੋਮਜ਼ ਦੇ ਉੱਪਰ ਉੱਡ ਰਿਹਾ ਸੀ ਤਾਂ ਪਾਇਲਟ ਨੇ ਜਹਾਜ਼ ‘ਚੋਂ ਧੂੰਆਂ ਉੱਠਦਾ ਦੇਖਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਨਜ਼ਦੀਕੀ ਰਿਪਬਲਿਕ ਏਅਰਪੋਰਟ ਨੂੰ ਇਸ ਦੀ ਸੂਚਨਾ ਦਿੱਤੀ। ਹਾਲਾਂਕਿ, ਜਦੋਂ ਤੱਕ ਜਹਾਜ਼ ਹਵਾਈ ਅੱਡੇ ‘ਤੇ ਪਹੁੰਚਿਆ, ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨਾਲ ਰੋਮਾ ਗੁਪਤਾ ਦੀ ਮੌਤ ਹੋ ਗਈ ਅਤੇ ਬੇਟੀ ਅਤੇ ਪਾਇਲਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਜ਼ਖਮੀ ਰੀਵਾ ਦੀ ਹਾਲਤ ਅੱਗ ‘ਚ ਝੁਲਸਣ ਕਾਰਨ ਗੰਭੀਰ ਬਣੀ ਹੋਈ ਹੈ।
ਜਿਸ ਜਹਾਜ਼ ਵਿੱਚ ਇਹ ਹਾਦਸਾ ਹੋਇਆ ਉਹ ਪਾਈਪਰ ਚੈਰੋਕੀ ਏਅਰਕ੍ਰਾਫਟ ਸੀ, ਇੱਕ ਚਾਰ ਸੀਟਰ ਸਿੰਗਲ ਇੰਜਣ ਵਾਲਾ ਜਹਾਜ਼ ਸੀ। ਜਹਾਜ਼ ਨੇ ਨਿਊਯਾਰਕ ((New York) ਦੇ ਰਿਪਬਲਿਕ ਏਅਰਪੋਰਟ ਤੋਂ ਉਡਾਣ ਭਰੀ ਸੀ। ਇਹ ਜਹਾਜ਼ ਡੈਨੀ ਵਾਈਜ਼ਮੈਨ ਫਲਾਈਟ ਸਕੂਲ ਦਾ ਸੀ। ਫਲਾਈਟ ਸਕੂਲ ਦੇ ਵਕੀਲ ਨੇ ਦੱਸਿਆ ਕਿ ਜਿਸ ਜਹਾਜ਼ ‘ਚ ਹਾਦਸਾ ਹੋਇਆ ਹੈ, ਉਸ ਨੇ ਹਾਲ ਹੀ ‘ਚ ਸਾਰੇ ਟੈਸਟ ਟੈਸਟ ਪਾਸ ਕੀਤੇ ਸਨ।