ਦਿੱਲੀ, 20 ਮਈ 2025: US Visa News: ਭਾਰਤ ‘ਚ ਅਮਰੀਕੀ ਦੂਤਾਵਾਸ ਨੇ ਹਾਲ ਹੀ ‘ਚ ਵੀਜ਼ਾ ਨਿਯਮਾਂ ਸੰਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਵੀਜ਼ਾ ਖਤਮ ਹੋਣ ਤੋਂ ਬਾਅਦ ਅਮਰੀਕਾ ‘ਚ ਰਹਿਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਖਮ ਭਰਿਆ ਹੋ ਗਿਆ ਹੈ। ਅਜਿਹਾ ਕਰਨ ਨਾਲ ਯਾਤਰੀਆਂ ਨੂੰ ਨਾ ਸਿਰਫ਼ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਸਗੋਂ ਭਵਿੱਖ ‘ਚ ਅਮਰੀਕਾ ‘ਚ ਦਾਖਲ ਹੋਣ ‘ਤੇ ਸਥਾਈ ਤੌਰ ‘ਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ।
ਇਹ ਨਿਯਮ ਸਿਰਫ਼ ਭਾਰਤੀ ਨਾਗਰਿਕਾਂ ਤੱਕ ਸੀਮਿਤ ਨਹੀਂ ਹਨ, ਸਗੋਂ ਦੁਨੀਆ ਭਰ ਦੇ ਸਾਰੇ ਵਿਦੇਸ਼ੀ ਯਾਤਰੀਆਂ ‘ਤੇ ਬਰਾਬਰ ਲਾਗੂ ਹੋਣਗੇ। ਅਮਰੀਕੀ ਦੂਤਾਵਾਸ ਨੇ 15 ਮਈ ਨੂੰ ਆਪਣੇ ਅਧਿਕਾਰਤ ਐਕਸ (ਪਹਿਲਾਂ ਟਵਿੱਟਰ) ਹੈਂਡਲ ਰਾਹੀਂ ਜਾਣਕਾਰੀ ਦਿੱਤੀ ਕਿ ਅਮਰੀਕੀ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸ ਅਤੇ ਵੀਜ਼ਾ ਧੋਖਾਧੜੀ ‘ਤੇ ਕਾਰਵਾਈ ਕਰਨ ਲਈ ਇੱਕ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ।
ਹਾਲਾਂਕਿ ਇਹ ਸਖ਼ਤੀ ਕੋਈ ਨਵੀਂ ਗੱਲ ਨਹੀਂ ਹੈ, ਪਰ ਡੋਨਾਲਡ ਟਰੰਪ ਪ੍ਰਸ਼ਾਸਨ ਦੌਰਾਨ ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰ ਦਿੱਤੀ ਸੀ। ਹੁਣ ਫਿਰ ਤੋਂ ਇਸ ਨੀਤੀ ਨੂੰ ਗੰਭੀਰਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜੋ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਅਮਰੀਕਾ ਵੀਜ਼ਾ ਨਿਯਮਾਂ ਦੀ ਕਿਸੇ ਵੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰੇਗਾ।
ਵੀਜ਼ਾ ਧਾਰਕਾਂ ਲਈ ਮਹੱਤਵਪੂਰਨ ਹਦਾਇਤਾਂ
ਦੂਤਾਵਾਸ ਸਾਰੇ ਵੀਜ਼ਾ ਧਾਰਕਾਂ (US Visa) ਨੂੰ ਆਪਣੇ ਵੀਜ਼ਾ ਦੀਆਂ ਸ਼ਰਤਾਂ ਦੀ ਇਮਾਨਦਾਰੀ ਅਤੇ ਧਿਆਨ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦੀ ਵੀਜ਼ਾ ਧੋਖਾਧੜੀ, ਓਵਰਸਟੇ, ਜਾਂ ਨਿਯਮਾਂ ਦੀ ਉਲੰਘਣਾ ਹੁਣ ਤੁਹਾਡੀ ਭਵਿੱਖ ਦੀ ਅਮਰੀਕੀ ਵੀਜ਼ਾ ਅਰਜ਼ੀ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੀ ਹੈ।
ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ?
ਯਾਤਰਾ ਕਰਨ ਤੋਂ ਪਹਿਲਾਂ ਸਾਰੀਆਂ ਵੀਜ਼ਾ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ।
ਵੀਜ਼ਾ ਦੀ ਮਿਆਦ ਪੁੱਗਣ ਦੀ ਤਾਰੀਖ਼ ਦੀ ਸਖ਼ਤੀ ਨਾਲ ਪਾਲਣਾ ਕਰੋ।
ਕਿਸੇ ਵੀ ਉਲਝਣ ਦੀ ਸਥਿਤੀ ‘ਚ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰੋ।
ਨਿਯਮਾਂ ਨੂੰ ਨਜ਼ਰਅੰਦਾਜ਼ ਕਰਨਾ ਹੁਣ ਮਹਿੰਗਾ ਸਾਬਤ ਹੋ ਸਕਦਾ ਹੈ।
Read More: ਕੈਨੇਡਾ ਨੇ ਮੁੜ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਨਹੀਂ ਮਿਲੇਗਾ 10 ਸਾਲ ਦਾ ਵਿਜ਼ਟਰ ਵੀਜ਼ਾ