ਵਿਦੇਸ਼, 27 ਅਗਸਤ 2025: ਅਮਰੀਕਾ ਵੱਲੋਂ ਭਾਰਤ ‘ਤੇ ਲਗਾਇਆ ਗਿਆ 50 ਫੀਸਦੀ ਟੈਰਿਫ ਅੱਜ ਤੋਂ ਲਾਗੂ ਹੋ ਗਿਆ ਹੈ | ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ‘ਚ ਕੈਬਿਨਟ ਬੈਠਕ ਦੌਰਾਨ ਇੱਕ ਵਾਰ ਫਿਰ ਮਈ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾ ਕੇ ਪ੍ਰਮਾਣੂ ਯੁੱਧ ਰੋਕਣ ਦਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ‘ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ।
ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਦੇ ਹੱਲ ਹੋਣ ਤੱਕ ਵਪਾਰ ਸਮਝੌਤੇ ਨੂੰ ਰੋਕਣ ਬਾਰੇ ਵੀ ਗੱਲ ਕੀਤੀ। ਟਰੰਪ ਨੇ ਦਾਅਵਾ ਕੀਤਾ ਕਿ ਦੋਵੇਂ ਦੇਸ਼ ਆਪਣੀ ਗੱਲਬਾਤ ਤੋਂ ਸਿਰਫ਼ ਪੰਜ ਘੰਟੇ ਬਾਅਦ ਹੀ ਪਿੱਛੇ ਹਟ ਗਏ। ਹਾਲਾਂਕਿ, ਭਾਰਤ ਨੇ ਗੱਲਬਾਤ ਅਤੇ ਵਿਚੋਲਗੀ ਦੇ ਟਰੰਪ ਦੇ ਦਾਅਵਿਆਂ ਨੂੰ ਹਮੇਸ਼ਾ ਰੱਦ ਕੀਤਾ ਹੈ।
ਇਸ ਤੋਂ ਬਾਅਦ, ਅਮਰੀਕਾ ਨੇ ਭਾਰਤ ‘ਤੇ 25 ਫੀਸਦੀ ਵਾਧੂ ਟੈਰਿਫ ਲਗਾਇਆ। ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ, ਟਰੰਪ ਨੇ ਜੁਲਾਈ ‘ਚ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਇਆ ਸੀ, ਹੁਣ ਭਾਰਤ ‘ਤੇ ਕੁੱਲ ਟੈਰਿਫ 50 ਫੀਸਦੀ ਹੋ ਗਿਆ ਹੈ।
ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ‘ਤੇ ਅੱਜ ਤੋਂ, ਯਾਨੀ 27 ਅਗਸਤ ਤੋਂ 50 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (GTRI) ਦੀ ਰਿਪੋਰਟ ਦੇ ਮੁਤਾਬਕ ਟੈਰਿਫ ਨਾਲ ਭਾਰਤ ਦਾ ਕਰੀਬ 5.4 ਲੱਖ ਕਰੋੜ ਦਾ ਨਿਰਯਾਤ ਪ੍ਰਭਾਵਿਤ ਹੋਵੇਗਾ |
50 ਫੀਸਦੀ ਟੈਰਿਫ ਲਗਾਉਣ ਨਾਲ ਅਮਰੀਕਾ ‘ਚ ਵਿਕਣ ਵਾਲੇ ਭਾਰਤੀ ਉਤਪਾਦ ਜਿਵੇਂ ਕਿ ਕੱਪੜੇ, ਰਤਨ-ਜਵੇਲਰੀ, ਫਰਨੀਚਰ, ਸਮੁੰਦਰੀ ਭੋਜਨ ਮਹਿੰਗੇ ਹੋ ਜਾਣਗੇ। ਇਸ ਨਾਲ ਉਨ੍ਹਾਂ ਦੀ ਮੰਗ 70 ਫੀਸਦੀ ਤੱਕ ਘੱਟ ਸਕਦੀ ਹੈ।
ਚੀਨ, ਵੀਅਤਨਾਮ ਅਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਨ੍ਹਾਂ ਚੀਜ਼ਾਂ ਨੂੰ ਸਸਤੀਆਂ ਕੀਮਤਾਂ ‘ਤੇ ਵੇਚਣਗੇ। ਇਸ ਨਾਲ ਅਮਰੀਕੀ ਬਾਜ਼ਾਰ ‘ਚ ਭਾਰਤੀ ਕੰਪਨੀਆਂ ਦਾ ਹਿੱਸਾ ਘੱਟ ਜਾਵੇਗਾ।
ਟੈਰਿਫ ਤੋਂ ਕਈ ਖੇਤਰ ਹੋਣਗੇ ਪ੍ਰਭਾਵਿਤ
ਭਾਰਤ ਅਮਰੀਕਾ ਨੂੰ 10.3 ਅਰਬ ਡਾਲਰ ਦਾ ਕੱਪੜਾ ਨਿਰਯਾਤ ਕਰਦਾ ਹੈ। ਉੱਚ ਟੈਰਿਫ ਦੇ ਕਾਰਨ, ਬੰਗਲਾਦੇਸ਼ ਅਤੇ ਵੀਅਤਨਾਮ (ਉਨ੍ਹਾਂ ‘ਤੇ 20 ਪ੍ਰਤੀਸ਼ਤ ਟੈਰਿਫ) ਦੇ ਮੁਕਾਬਲੇ ਅਮਰੀਕੀ ਬਾਜ਼ਾਰ ‘ਚ ਭਾਰਤੀ ਕੱਪੜੇ ਮਹਿੰਗੇ ਹੋ ਜਾਣਗੇ। ਇਸ ਨਾਲ ਟੈਕਸਟਾਈਲ/ਕੱਪੜੇ ਨਿਰਯਾਤਕਾਂ ਲਈ ਅਮਰੀਕੀ ਬਾਜ਼ਾਰ ‘ਚ ਉਤਪਾਦ ਵੇਚਣਾ ਮੁਸ਼ਕਿਲ ਹੋ ਜਾਵੇਗਾ।
ਭਾਰਤੀ ਨਿਰਯਾਤ ਸੰਗਠਨਾਂ ਦੇ ਸੰਘ (FIO) ਨੇ ਕਿਹਾ, ਤਿਰੂਪੁਰ, ਨੋਇਡਾ ਅਤੇ ਸੂਰਤ ‘ਚ ਟੈਕਸਟਾਈਲ ਨਿਰਮਾਤਾਵਾਂ ਨੇ ਉਤਪਾਦਨ ਬੰਦ ਕਰ ਦਿੱਤਾ ਹੈ। ਇਹ ਖੇਤਰ ਵੀਅਤਨਾਮ ਅਤੇ ਬੰਗਲਾਦੇਸ਼ ਦੇ ਘੱਟ ਲਾਗਤ ਵਾਲੇ ਮੁਕਾਬਲੇਬਾਜ਼ਾਂ ਤੋਂ ਪਿੱਛੇ ਹੈ।
ਭਾਰਤ ਅਮਰੀਕਾ ਨੂੰ 12 ਅਰਬ ਡਾਲਰ ਦੇ ਰਤਨ ਅਤੇ ਗਹਿਣੇ ਨਿਰਯਾਤ ਕਰਦਾ ਹੈ। ਵਾਧੂ ਟੈਰਿਫ ਨਾਲ ਹੀਰੇ ਅਤੇ ਸੋਨੇ ਦੇ ਨਿਰਯਾਤ ‘ਚ ਗਿਰਾਵਟ ਆਵੇਗੀ, ਜਦੋਂ ਕਿ ਚੀਨ ਨੂੰ ਇੱਕ ਫਾਇਦਾ ਹੋਵੇਗਾ।
ਆਲ ਇੰਡੀਆ ਜੇਮਜ਼ ਐਂਡ ਜਿਊਲਰੀ ਡੋਮੇਸਟਿਕ ਕੌਂਸਲ ਦੇ ਚੇਅਰਮੈਨ ਰਾਜੇਸ਼ ਰੋਕੜੇ ਨੇ ਕਿਹਾ, ਇਹ ਉਦਯੋਗ ਦੇਸ਼ ਦੀ ਨਿਰਯਾਤ ਅਰਥਵਿਵਸਥਾ ‘ਚ ਇੱਕ ਵੱਡਾ ਯੋਗਦਾਨ ਪਾ ਰਿਹਾ ਹੈ। ਉੱਚ ਟੈਰਿਫ ਦਾ ਹੱਥ ਨਾਲ ਬਣੇ ਗਹਿਣਿਆਂ ਦੇ ਨਿਰਯਾਤ ‘ਤੇ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਉਤਪਾਦਾਂ ਨੂੰ ਹੁਣ ਉੱਥੇ ਸਵੀਕਾਰ ਜਾਂ ਵੇਚਿਆ ਨਹੀਂ ਜਾ ਸਕਦਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਇੱਕ ਵਾਰ ‘ਚ ਇੱਕ ਲੱਖ ਨੌਕਰੀਆਂ ਖਤਮ ਹੋ ਜਾਣਗੀਆਂ।
ਭਾਰਤ 127 ਦੇਸ਼ਾਂ ਨੂੰ ਲਗਭਗ 60 ਲੱਖ ਟਨ ਬਾਸਮਤੀ ਚੌਲ ਨਿਰਯਾਤ ਕਰਦਾ ਹੈ। ਇਸ ‘ਚੋਂ, ਲਗਭਗ 2.70 ਲੱਖ ਟਨ ਯਾਨੀ ਚਾਰ ਫੀਸਦੀ ਬਾਸਮਤੀ ਚੌਲ ਅਮਰੀਕਾ ਨੂੰ ਜਾਂਦਾ ਹੈ। ਵਾਧੂ 25 ਪ੍ਰਤੀਸ਼ਤ ਟੈਰਿਫ ਨੇ ਬਾਸਮਤੀ ਚੌਲ ਨਿਰਯਾਤਕਾਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ, ਪਰ ਵੱਡੇ ਨੁਕਸਾਨ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਸੰਬੰਧੀ ਨਿਰਯਾਤਕਾਂ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਨਿਰਯਾਤ ਹੋਣ ਵਾਲੇ 2.70 ਲੱਖ ਟਨ ਚੌਲਾਂ ਨੂੰ ਦੂਜੇ ਦੇਸ਼ਾਂ ‘ਚ ਖਪਾਉਣਾ ਵੱਡੀ ਨਹੀਂ ਹੈ। ਇਸਦੀ ਭਰਪਾਈ ਨਵੇਂ ਬਾਜ਼ਾਰ ਲੱਭ ਕੇ ਆਸਾਨੀ ਨਾਲ ਹੋ ਸਕਦੀ ਹੈ।
ਆਲ ਇੰਡੀਆ ਰਾਈਸ ਐਕਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਸਿਰਫ਼ ਭਾਰਤ ਅਤੇ ਪਾਕਿਸਤਾਨ ਤੋਂ ਹੀ ਬਾਸਮਤੀ ਚੌਲ ਖਰੀਦਦਾ ਹੈ, ਪਰ ਪਾਕਿਸਤਾਨ ਅਮਰੀਕਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਯੋਗ ਨਹੀਂ ਹੈ |
Read More: ਡੋਨਾਲਡ ਟਰੰਪ ਦੇ 50 ਫੀਸਦੀ ਟੈਰਿਫ ਦਾ ਭਾਰਤ ‘ਤੇ ਕੀ ਪ੍ਰਭਾਵ ਪਵੇਗਾ ?