ਅਮਰੀਕੀ ਦੂਤਾਵਾਸ

ਇਜ਼ਰਾਈਲ ‘ਚ ਅਮਰੀਕੀ ਦੂਤਾਵਾਸ ਰਹੇਗਾ ਬੰਦ, ਈਰਾਨ ‘ਚ ਹਲਾਤ ਵਿਗੜੇ

ਇਜ਼ਰਾਈਲ , 16 ਜੂਨ 2025: ਈਰਾਨ ਅਤੇ ਇਜ਼ਰਾਈਲ ਤਣਾਅ ਦੇ ਚੱਲਦਿਆਂ ਬੀਤੀ ਰਾਤ ਇਜ਼ਰਾਈਲ ‘ਚ ਈਰਾਨੀ ਮਿਜ਼ਾਈਲ ਹਮਲੇ ਤੋਂ ਬਾਅਦ ਅਮਰੀਕੀ ਦੂਤਾਵਾਸ ਅਤੇ ਕੌਂਸਲੇਟ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ। ਦੂਤਾਵਾਸ ਨੇ ਇੱਕ ਸੁਰੱਖਿਆ ਚੇਤਾਵਨੀ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ‘ਚ ਸਾਰੇ ਅਮਰੀਕੀ ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਲਈ ਕਿਹਾ ਗਿਆ ਹੈ।

ਇਜ਼ਰਾਈਲ ‘ਚ ਅਮਰੀਕੀ ਰਾਜਦੂਤ ਮਾਈਕ ਹੁਕਾਬੀ ਨੇ ਕਿਹਾ ਕਿ ਐਤਵਾਰ ਦੇ ਹਮਲੇ ‘ਚ ਈਰਾਨੀ ਮਿਜ਼ਾਈਲ ਦੇ ਟੁਕੜੇ ਤੇਲ ਅਵੀਵ ‘ਚ ਕੌਂਸਲੇਟ ‘ਤੇ ਡਿੱਗੇ, ਪਰ ਕੋਈ ਵੀ ਜ਼ਖਮੀ ਨਹੀਂ ਹੋਇਆ। ਦੂਤਾਵਾਸ ਨੇ ਕਿਹਾ ਕਿ ਉਹ ਇਸ ਸਮੇਂ ਅਮਰੀਕੀਆਂ ਨੂੰ ਦੇਸ਼ ਛੱਡਣ ‘ਚ ਮੱਦਦ ਕਰਨ ‘ਚ ਅਸਮਰੱਥ ਹੈ।

ਇਜ਼ਰਾਈਲੀ ਹਵਾਈ ਫੌਜ ਨੇ ਤਹਿਰਾਨ ‘ਚ ਈਰਾਨ ਦੀ ਕੁਦਸ ਫੋਰਸ ਦੇ ਮੁੱਖ ਦਫਤਰ ‘ਤੇ ਹਮਲਾ ਕੀਤਾ ਹੈ। ਇਹ ਹਮਲਾ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤਾ ਗਿਆ ਸੀ, ਜਿਸ ‘ਚ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਈਰਾਨੀ ਫੌਜ ਅਤੇ ਇਨਕਲਾਬੀ ਗਾਰਡਾਂ ਦੇ ਇਸ ਲੁਕਣਗਾਹ ਨੂੰ ਨਿਸ਼ਾਨਾ ਬਣਾਇਆ ਸੀ।

ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੂੰ ਤਹਿਰਾਨ ਦੇ ਉੱਤਰ-ਪੂਰਬੀ ਖੇਤਰ ‘ਚ ਇੱਕ ਬੰਕਰ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਉਹ ਇਸ ਸਮੇਂ ਆਪਣੇ ਪਰਿਵਾਰ ਨਾਲ ਲਾਵਿਜ਼ਾਨ ‘ਚ ਇੱਕ ਸੁਰੱਖਿਅਤ ਸਥਾਨ ‘ਤੇ ਹੈ।

ਪਿਛਲੇ 3 ਦਿਨਾਂ ਤੋਂ ਚੱਲ ਰਹੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਈਰਾਨ ‘ਚ ਹਾਲਾਤ ਹੋਰ ਵੀ ਵਿਗੜ ਗਏ ਹਨ। ਸੀਐਨਐਨ ਦੇ ਮੁਤਾਬਕ ਸ਼ਹਿਰ ਦੇ ਪੈਟਰੋਲ ਪੰਪਾਂ ‘ਤੇ ਕਾਰਾਂ ਦੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਲੋਕ ਡਰੇ ਹੋਏ ਸਨ ਅਤੇ ਸ਼ਹਿਰ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।

Read more: ਇਜ਼ਰਾਈਲੀ ਫੌਜ ਵੱਲੋਂ ਈਰਾਨ ਦੇ ਵਿਦੇਸ਼ ਮੰਤਰਾਲੇ ‘ਤੇ ਹ.ਮ.ਲਾ, ਤਣਾਅ ਚੌਥੇ ਦਿਨ ਵੀ ਜਾਰੀ

Scroll to Top