July 3, 2024 2:10 am
ਕੇਂਦਰੀ ਮੰਤਰੀ ਮੰਡਲ

ਭਾਸ਼ਾ ਵਿਭਾਗ, ਐੱਸ.ਏ.ਐੱਸ.ਨਗਰ ਵਿਖੇ 1 ਜੁਲਾਈ ਤੋਂ ਉਰਦੂ ਆਮੋਜ਼ ਦੀ ਸਿਖਲਾਈ

ਐੱਸ.ਏ.ਐੱਸ.ਨਗਰ, 06 ਜੂਨ 2024: ਭਾਸ਼ਾ ਵਿਭਾਗ, ਪੰਜਾਬ, ਮਾਂ-ਬੋਲੀ ਪੰਜਾਬੀ ਦੇ ਨਾਲ-ਨਾਲ ਹੋਰਨਾਂ ਜ਼ੁਬਾਨਾਂ ਦੇ ਵਿਕਾਸ ਲਈ ਵੀ ਸਰਗਰਮ ਰਹਿੰਦਾ ਹੈ। ਇਸੇ ਕੜੀ ਵਿੱਚ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਉਰਦੂ ਆਮੋਜ਼ ਦੀ ਸਿਖਲਾਈ 01 ਜੁਲਾਈ 2024 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਭਾਸ਼ਾ ਵਿਭਾਗ, ਐੱਸ.ਏ.ਐੱਸ.ਨਗਰ ਨੂੰ ਦਫ਼ਤਰ ਵਿਖੇ ਉਰਦੂ ਸਿਖਲਾਈ ਸ਼ੁਰੂ ਕਰਨ ਲਈ ਬਹੁਤ ਸਾਰੇ ਸੁਝਾਅ ਮਿਲੇ ਸਨ।

ਇਸ ਸਬੰਧੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵਿਖੇ ਸਾਲ 2023 ਵਿਚ ਪਹਿਲੀ ਜੁਲਾਈ ਤੋਂ ਉਰਦੂ ਆਮੋਜ਼ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਦੇ 2 ਸੈਸ਼ਨ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਉਪਰੰਤ 01 ਜੁਲਾਈ 2024 ਤੋਂ ਤੀਜਾ ਸੈਸ਼ਨ ਸ਼ੁਰੂ ਹੋ ਰਿਹਾ ਹੈ।

ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ 01 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਉਰਦੂ ਆਮੋਜ਼ ਦੇ ਕੋਰਸ ਦੀ ਦਾਖਲਾ ਅਤੇ ਪ੍ਰੀਖਿਆ ਫੀਸ ਯਕਮੁਸ਼ਤ 500 ਰੁਪਏ ਨਿਸ਼ਚਿਤ ਕੀਤੀ ਗਈ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਅਤੇ ਜਮਾਤ ਦਾ ਸਮਾਂ ਰੋਜ਼ਾਨਾ ਇੱਕ ਘੰਟਾ ਹੋਵੇਗਾ। ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ। ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਉਰਦੂ ਆਮੋਜ਼ ਦੀ ਸਿਖਲਾਈ ਲੈ ਸਕਦੇ ਹਨ।

ਉਰਦੂ ਆਮੋਜ਼ ਦੀ ਸਿਖਲਾਈ ਲਈ ਫ਼ਾਰਮ ਭਰਨ ਦੀ ਮਿਤੀ 11 ਜੂਨ 2024 ਤੋਂ 25 ਜੂਨ 2024 ਰੱਖੀ ਗਈ ਹੈ। ਦਾਖਲਾ ਲੈਣ ਦੇ ਚਾਹਵਾਨ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ. 518 (ਏ), ਚੌਥੀ ਮੰਜ਼ਿਲ, ਮੋਹਾਲੀ ਤੋਂ ਦਾਖ਼ਲਾ ਫ਼ਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ (ਦਫ਼ਤਰੀ ਸਮੇਂ ਦੌਰਾਨ) ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਦਾਖਲਾ ਫ਼ਾਰਮ ਭਰਨ ਉਪਰੰਤ ਦਫ਼ਤਰ ਵਿਖੇ 25 ਜੂਨ 2024 ਤੱਕ ਦਸਤੀ ਜਮ੍ਹਾਂ ਕਰਵਾਏ ਜਾ ਸਕਦੇ ਹਨ।