July 5, 2024 12:20 am
Urban Estate Police of Patiala

ਪਟਿਆਲਾ ਦੀ ਥਾਣਾ ਆਰਬਨ ਅਸਟੇਟ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਗ੍ਰਿਫਤਾਰ

ਪਟਿਆਲਾ 14 ਜਨਵਰੀ 2023: ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਵੱਲੋਂ ਨਸ਼ਿਆਂ ਦੀ ਤਸਕਰੀ ਨੂੰ ਖ਼ਤਮ ਕਰਨ ਲਈ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਜਿਸਦੇ ਚੱਲਦਿਆਂ ਪੁਲਿਸ ਵੱਲੋਂ ਹਰ ਰੋਜ਼ ਨਸ਼ਾ ਤਸਕਰੀ ਕਰਨ ਵਾਲੇ ਮਾੜੇ ਅਨਸਰਾਂ ਨੂੰ ਦਬੋਚ ਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਭੇਜਿਆ ਜਾ ਰਿਹਾ ਹੈ |

ਇਸੇ ਕੜੀ ਤਹਿਤ ਪਟਿਆਲਾ ਦੀ ਥਾਣਾ ਆਰਬਨ ਅਸਟੇਟ ਪੁਲਿਸ (Urban Estate Police of Patiala) ਵੱਲੋਂ 900 ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ | ਪਟਿਆਲਾ ਦੀ ਥਾਣਾ ਆਰਬਨ ਅਸਟੇਟ ਪੁਲਿਸ ਵੱਲੋਂ ਸ਼ੱਕੀ ਅਤੇ ਭੈੜੇ ਅਨਸਰਾਂ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਸਾਹਮਣੇ ਗਸ਼ਤ ਅਤੇ ਚੈਕਿੰਗ ਕੀਤੀ ਜਾ ਰਹੀ ਸੀ, ਇਸੇ ਦੌਰਾਨ ਇਕ ਵਿਅਕਤੀ ਜਿਸ ਦੇ ਹੱਥ ਵਿੱਚ ਮੋਮੀ ਲਿਫਾਫਾ ਫੜਿਆ ਹੋਇਆ ਸੀ, ਉਸ ਨੇ ਪੁਲਿਸ ਨੂੰ ਦੇਖ ਕੇ ਆਪਣੇ ਹੱਥ ਵਿੱਚ ਫ਼ੜਿਆ ਲਿਫ਼ਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪਾਰਟੀ ਨੇ ਇਸ ਵਿਅਕਤੀ ਨੂੰ ਮੌਕੇ ‘ਤੇ ਕਾਬੂ ਕਰਕੇ ਇਸ ਕੋਲੋਂ 960 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ |

ਥਾਣਾ ਅਰਬਨ ਸਟੇਟ ਦੇ ਇੰਚਾਰਜ ਅੰਮ੍ਰਿਤਬੀਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਵਿਅਕਤੀ ਯੂਨੀਵਰਸਿਟੀ ਦੇ ਸਾਹਮਣੇ ਨੌਜਵਾਨਾਂ ਨੂੰ ਇਹ ਨਸ਼ੀਲੀਆਂ ਗੋਲੀਆਂ ਸਪਲਾਈ ਕਰਕੇ, ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਕੇਲ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸ ਮੁਲਜ਼ਮ ਤੋਂ ਨਸ਼ੀਲੀਆਂ ਗੋਲੀਆਂ ਸਬੰਧੀ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |