ਚੰਡੀਗੜ੍ਹ, 21 ਜੁਲਾਈ 2023: ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਮਣੀਪੁਰ ਵਾਇਰਲ ਵੀਡੀਓ ਮਾਮਲੇ ਨੂੰ ਲੈ ਕੇ ਲੋਕ ਸਭਾ (Lok Sabha) ‘ਚ ਕਾਫ਼ੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿੱਚ ਵੀ ਹੰਗਾਮਾ ਹੋਣ ਦੇ ਆਸਾਰ ਹਨ।
ਕਾਂਗਰਸ, ‘ਆਪ’ ਅਤੇ ਬੀਆਰਐਸ ਦੇ ਸੰਸਦ ਮੈਂਬਰਾਂ ਨੇ ਮਣੀਪੁਰ ਦੀ ਸਥਿਤੀ ‘ਤੇ ਚਰਚਾ ਦੀ ਮੰਗ ਕਰਦੇ ਹੋਏ ਲੋਕ ਸਭਾ ਅਤੇ ਰਾਜ ਸਭਾ ਵਿੱਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿੱਚ ਆ ਕੇ ਜਵਾਬ ਦੇਣ। ਮਣੀਪੁਰ ਮੁੱਦੇ ‘ਤੇ ਹੋਏ ਭਾਰੀ ਹੰਗਾਮੇ ਕਾਰਨ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਮੁੱਦੇ ‘ਤੇ ਸਦਨ ‘ਚ ਬਿਆਨ ਦੇਣ। ਨਾਅਰੇਬਾਜ਼ੀ ਦੇ ਵਿਚਕਾਰ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝਦੀ ਹੈ। ਅਸੀਂ ਚਰਚਾ ਕਰਨ ਲਈ ਤਿਆਰ ਹਾਂ। ਕੁਝ ਸਿਆਸੀ ਪਾਰਟੀਆਂ ਚਰਚਾ ਨਹੀਂ ਕਰਨਾ ਚਾਹੁੰਦੀਆਂ, ਇਸ ਲਈ ਉਹ ਅਜਿਹਾ ਵਿਵਹਾਰ ਕਰ ਰਹੀਆਂ ਹਨ। ਇਸ ਤੋਂ ਬਾਅਦ ਓਮ ਬਿਰਲਾ ਨੇ ਵੀ ਹੰਗਾਮਾ ਕਰਨ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਨਾਅਰੇਬਾਜ਼ੀ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ।