ਚੰਡੀਗੜ੍ਹ, 10 ਫਰਵਰੀ 2023: ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਤੋਂ ਏਮਜ਼ ਮਦੁਰਾਈ (AIIMS Madurai) ਨੂੰ ਲੈ ਕੇ ਪੂਰਕ ਸਵਾਲ ਪੁੱਛਿਆ ਗਿਆ, ਜਿਸ ‘ਤੇ ਕੇਂਦਰੀ ਸਿਹਤ ਮੰਤਰੀ ਦੇ ਬਿਆਨ ‘ਤੇ ਲੋਕ ਸਭਾ ‘ਚ ਹੰਗਾਮਾ ਹੋ ਗਿਆ ਅਤੇ ਡੀਐੱਮਕੇ ਅਤੇ ਕਾਂਗਰਸ ਸਦਨ ‘ਚੋਂ ਵਾਕਆਊਟ ਕਰ ਗਏ। ਦਰਅਸਲ, ਲੋਕ ਸਭਾ ‘ਚ ਆਪਣੇ ਜਵਾਬ ‘ਚ ਸਿਹਤ ਮੰਤਰੀ ਨੇ ਵਿਰੋਧੀ ਧਿਰ ‘ਤੇ ਗਲਤ ਜਾਣਕਾਰੀ ਦੇਣ ਅਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ, ਜਿਸ ‘ਤੇ ਡੀਐੱਮਕੇ ਦੇ ਸੰਸਦ ਮੈਂਬਰ ਭੜਕ ਗਏ। ਭਾਜਪਾ ਦੇ ਕੁਝ ਸੰਸਦ ਮੈਂਬਰ ਵੀ ਕੇਂਦਰੀ ਸਿਹਤ ਮੰਤਰੀ ਦੇ ਸਮਰਥਨ ਵਿਚ ਸੀਟ ‘ਤੇ ਖੜ੍ਹੇ ਹੋ ਗਏ ਅਤੇ ਸਦਨ ਵਿਚ ਹੰਗਾਮਾ ਹੋਇਆ।
ਦਰਅਸਲ, ਇੱਕ ਪੂਰਕ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਏਮਜ਼ ਮਦੁਰਾਈ ( AIIMS Madurai) ਵਿੱਚ ਮੈਡੀਕਲ ਕੋਰਸ ਚਲਾਏ ਜਾ ਰਹੇ ਹਨ ਅਤੇ ਬੁਨਿਆਦੀ ਢਾਂਚੇ ਲਈ 1900 ਕਰੋੜ ਰੁਪਏ ਦਿੱਤੇ ਗਏ ਹਨ। ਇਸ ‘ਤੇ ਡੀਐਮਕੇ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਏਮਜ਼ ਮਦੁਰਾਈ ਅਜੇ ਤਿਆਰ ਨਹੀਂ ਹੈ।
ਇਸ ‘ਤੇ ਸਿਹਤ ਮੰਤਰੀ ਮਨਸੁੱਖ ਮਾਂਡਵੀਆ (Mansukh Mandaviya) ਨੇ ਡੀਐਮਕੇ ਨੇਤਾਵਾਂ ‘ਤੇ ਸਦਨ ‘ਚ ਗਲਤ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਮਾਂਡਵੀਆ ਨੇ ਕਿਹਾ ਕਿ ‘ਕੁਝ ਲੋਕ ਹਰ ਗੱਲ ‘ਤੇ ਰਾਜਨੀਤੀ ਕਰਨਾ ਚਾਹੁੰਦੇ ਹਨ। ਮੈਂ ਜਾਣਦਾ ਹਾਂ ਕਿ ਉਹ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਉਨ੍ਹਾਂ ਮੈਡੀਕਲ ਕਾਲਜਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਜਿਨ੍ਹਾਂ ਵਿੱਚ ਫੈਕਲਟੀ ਨਹੀਂ ਹੈ, ਬੁਨਿਆਦੀ ਢਾਂਚਾ ਨਹੀਂ ਹੈ ਅਤੇ ਮਰੀਜ਼ ਨਹੀਂ ਹਨ। ਇਸ ਦੇ ਜਵਾਬ ‘ਚ ਅਜਿਹਾ ਕੀਤਾ ਗਿਆ ਹੈ।”
ਮਾਂਡਵੀਆ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ ਅਜਿਹੀਆਂ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਅਜਿਹੇ ਮੈਡੀਕਲ ਕਾਲਜਾਂ ਖਿਲਾਫ ਸਖਤ ਕਾਰਵਾਈ ਕਰਦੇ ਰਹਾਂਗੇ। ਮਾਂਡਵੀਆ ਦੇ ਇਸ ਬਿਆਨ ਤੋਂ ਬਾਅਦ ਡੀਐਮਕੇ ਅਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਜਿਸ ‘ਤੇ ਭਾਜਪਾ ਦੇ ਕੁਝ ਸੰਸਦ ਮੈਂਬਰ ਵੀ ਮਨਸੁਖ ਮਾਂਡਾਵੀਆ (Mansukh Mandaviya) ਦੇ ਸਮਰਥਨ ‘ਚ ਆ ਗਏ ਅਤੇ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਉੱਚੀ-ਉੱਚੀ ਬੋਲਣ ਲੱਗੇ। ਡੀਐਮਕੇ ਦੇ ਸੰਸਦ ਮੈਂਬਰ ਦਯਾਨਿਧੀ ਮਾਰਨ ਬਹੁਤ ਗੁੱਸੇ ਵਿੱਚ ਨਜ਼ਰ ਆਏ ਅਤੇ ਕਿਹਾ, ‘ਉਹ ਕੌਣ ਹੈ, ਜੋ ਇਸ ਤਰ੍ਹਾਂ ਬੋਲ ਰਿਹਾ ਹੈ’। ਉਹ ਸਾਨੂੰ ਬਲੈਕਮੇਲ ਕਰ ਰਹੇ ਹਨ, ਧਮਕੀਆਂ ਦੇ ਰਹੇ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਡੀਐਮਕੇ ਅਤੇ ਕਾਂਗਰਸ ਦੇ ਨਾਰਾਜ਼ ਸੰਸਦ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਮੋਦੀ ਸਰਕਾਰ ਨੇ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਉਣ ਲਈ ਕਈ ਕਦਮ ਚੁੱਕੇ ਹਨ। ਸਾਲ 2014 ਵਿੱਚ ਦੇਸ਼ ਵਿੱਚ 387 ਮੈਡੀਕਲ ਕਾਲਜ ਸਨ ਜੋ ਅੱਜ ਵਧ ਕੇ 657 ਹੋ ਗਏ ਹਨ। ਕੇਂਦਰ ਸਰਕਾਰ ਨੇ ਮੈਡੀਕਲ ਕਾਲਜ ਖੋਲ੍ਹਣ ਦੇ ਨਿਯਮਾਂ ਵਿੱਚ ਵੀ ਰਾਹਤ ਦਿੱਤੀ ਹੈ। ਮਾਂਡਵੀਆ ਨੇ ਕਿਹਾ ਕਿ ਸਾਲ 2022 ਵਿੱਚ ਹੀ 37 ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 89 ਦੀ ਅਰਜ਼ੀ ਦੀ ਪ੍ਰਕਿਰਿਆ ਪੜਤਾਲ ਅਧੀਨ ਹੈ।