ਚੰਡੀਗੜ੍ਹ, 14 ਨਵੰਬਰ 2024:UPPSC: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਵਿਦਿਆਰਥੀਆਂ ਦਾ ਜ਼ੋਰਦਾਰ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ ਹੈ। ਸਵੇਰ ਤੋਂ ਹੀ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੁੱਸੇ ‘ਚ ਆਏ ਵਿਦਿਆਰਥੀ ਬੈਰੀਕੇਡ ਤੋੜ ਕੇ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਪਹੁੰਚ ਗਏ। ਇਸ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਵਿਦਿਆਰਥੀ PCS ਅਤੇ RO/ARO ਦੀ ਮੁੱਢਲੀ ਪ੍ਰੀਖਿਆ ਇੱਕੋ ਦਿਨ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਯਾਗਰਾਜ ‘ਚ ਪ੍ਰਦਰਸ਼ਨ ਕਰ ਰਹੇ ਹਨ | ਵੱਖ-ਵੱਖ ਸ਼ਿਫਟਾਂ ‘ਚ ਦੋ ਦਿਨ ਦੀ ਪ੍ਰੀਖਿਆ ‘ਚ ਬੈਠਣ ਵਾਲੇ ਉਮੀਦਵਾਰਾਂ ਦੇ ਇਕਸਾਰ ਮੁਲਾਂਕਣ ਲਈ ਕਮਿਸ਼ਨ ਨੇ ਨੋਰਮਲਾਈਜੇਸਨ ਲਾਗੂ ਕੀਤਾ ਪਰ ਕਮਿਸ਼ਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਫਾਰਮੂਲਾ ਕਿਵੇਂ ਕੰਮ ਕਰੇਗਾ।
ਦੋ ਦਿਨਾਂ ਤੋਂ ਚੱਲ ਰਹੀ ਪ੍ਰੀਖਿਆ (UPPSC) ਦਾ ਵਿਰੋਧ ਕਰ ਰਹੇ ਉਮੀਦਵਾਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਹੱਥੋਪਾਈ ਹੋ ਰਹੀ ਹੈ। ਵਿਦਿਆਰਥੀ ਇੱਕ ਮੰਗ ‘ਤੇ ਅੜੇ ਹੋਏ ਹਨ ਕਿ ਪੀਸੀਐਸ ਅਤੇ ਆਰਓ/ਏਆਰਓ ਦੀਆਂ ਮੁੱਢਲੀਆਂ ਪ੍ਰੀਖਿਆਵਾਂ ਇੱਕੋ ਦਿਨ ਹੋਣੀਆਂ ਚਾਹੀਦੀਆਂ ਹਨ। ਯੂਪੀਪੀਐਸਸੀ ਵੱਲੋਂ ਪੀਸੀਐਸ ਅਤੇ ਆਰਓ-ਏਆਰਓ ਦੀ ਮੁੱਢਲੀ ਪ੍ਰੀਖਿਆ ਦੋ ਦਿਨਾਂ ਤੋਂ ਕਰਵਾਉਣ ਦੇ ਫੈਸਲੇ ਖ਼ਿਲਾਫ਼ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਮਿਸ਼ਨ ਦੋ ਦਿਨ ਪ੍ਰੀਖਿਆ ਕਰਵਾਉਣ ‘ਤੇ ਅੜੇ ਹੋਇਆ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਯੂਪੀ ਪਬਲਿਕ ਸਰਵਿਸ ਕਮਿਸ਼ਨ ਦੇ ਦਫ਼ਤਰ ‘ਚ ਇੱਕ ਵੱਡੀ ਬੈਠਕ ਚੱਲ ਰਹੀ ਹੈ। ਇਹ ਮੀਟਿੰਗ ਚੇਅਰਮੈਨ ਸੰਜੇ ਸ਼੍ਰੀਨੇਟ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨ ਇੱਕ ਘੰਟੇ ਵਿੱਚ ਕੋਈ ਵੱਡਾ ਫੈਸਲਾ ਲੈ ਸਕਦਾ ਹੈ।