July 2, 2024 9:28 pm
Batala

ਬਟਾਲਾ ‘ਚ ਸ਼ੋਅਰੂਮ ਦੇ ਮਾਲਕ ਸਮੇਤ ਤਿੰਨ ਜਣਿਆਂ ‘ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ

ਬਟਾਲਾ, 24 ਜੂਨ 2023: ਬਟਾਲਾ (Batala) ਦੇ ਸਿਟੀ ਰੋਡ ‘ਤੇ ਇਲੈਕਟ੍ਰਾਨਿਕ ਦੇ ਸ਼ੋਅਰੂਮ ਮਾਲਕ ਸਮੇਤ ਤਿੰਨ ਜਣਿਆਂ ‘ਤੇ ਦੋ ਵਿਅਕਤੀਆਂ ਨੇ ਸ਼ਰ੍ਹੇਆਮ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੁਕਾਨਦਾਰ ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਰਾਜੀਵ ਮਹਾਜਨ, ਉਨ੍ਹਾਂ ਦਾ ਭਰਾ ਅਨਿਲ ਮਹਾਜਨ ਤੇ ਪੁੱਤਰ ਮਾਨਵ ਮਹਾਜਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ, ਪਰ ਬਾਅਦ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ, ਫਿਲਹਾਲ ਜ਼ਖਮੀ ਤਿੰਨ ਜਣਿਆ ਦੀ ਹਾਲਤ ਸਥਿਰ ਹੈ |

ਹਸਪਤਾਲ ‘ਚ ਜ਼ੇਰੇ ਇਲਾਜ ਅਨਿਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰੀਬ 12 ਵਜੇ ਇਕ ਨੌਜਵਾਨ ਨੇ ਕਿਹਾ ਕਿ ਉਸਨੇ ਐਲਈਡੀ ਲੈਣੀ ਹੈ ਤੇ ਉਹ ਨੌਜਵਾਨ ਦੁਬਾਰਾ ਦੁਕਾਨ ਤੋਂ ਚਲਾ ਗਿਆ। ਏਨੇ ਚਿਰ ਨੂੰ ਉਸ ਦੇ ਨਾਲ ਇਕ ਹੋਰ ਨੌਜਵਾਨ ਅੰਦਰ ਆ ਗਿਆ ਤੇ ਉਨ੍ਹਾਂ ਨੇ ਸਾਡੇ ਉੱਤੇ ਤਾਬੜ-ਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਉਹ, ਉਨ੍ਹਾਂ ਦਾ ਭਰਾ ਤੇ ਬੇਟਾ ਗੰਭੀਰ ਜ਼ਖ਼ਮੀ ਹੋ ਗਏ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਲਲਿਤ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਉਹਨਾਂ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੇਸ ਦਰਜ ਕਰ ਦਿਤਾ ਗਿਆ ਹੈ | ਸੀ.ਸੀ.ਟੀ,ਵੀ ਫੋਟੇਜ਼ ਖੰਗਾਲੀਆ ਜਾ ਰਹੀਆਂ ਹਨ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |