ਚੰਡੀਗੜ੍ਹ, 01 ਮਾਰਚ 2024: ਤਰਨ ਤਾਰਨ (Tarn Taran) ‘ਚ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਗੋਲੀ ਚੌਹਲਾ ਦੀ ਅਣਪਛਾਤੇ ਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਇਹ ਘਟਨਾ ਤਰਨ ਤਾਰਨ ਅਧੀਨ ਪੈਂਦੇ ਗੋਇੰਦਵਾਲ ਸਾਹਿਬ ਰੋਡ ‘ਤੇ ਫਾਟਕ ‘ਤੇ ਵਾਪਰੀ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਤਰਨ ਤਾਰਨ ਤੋਂ ਸੁਲਤਾਨਪੁਰ ਲੋਧੀ ਦੀ ਅਦਾਲਤ ਵਿੱਚ ਕਿਸੇ ਕੇਸ ਵਿੱਚ ਪੇਸ਼ ਹੋਣ ਲਈ ਜਾ ਰਿਹਾ ਸੀ। ਗੁਰਪ੍ਰੀਤ ਆਪਣੀ ਕਾਰ ਵਿੱਚ ਫਾਟਕ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਸਵਿਫਟ ਕਾਰ ‘ਚ ਆਏ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੁਰਪ੍ਰੀਤ ਗੋਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਵਿਫਟ ਟੈਕਸ ਵਿੱਚ ਆਏ ਸਨ ਅਤੇ ਉਨ੍ਹਾਂ ਦੀ ਗਿਣਤੀ ਤਿੰਨ ਸੀ। ਤਰਨ ਤਾਰਨ (Tarn Taran) ਦੇ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਫਾਟਕ ਬੰਦ ਸੀ। ਮੁਲਜ਼ਮ ਪਹਿਲਾਂ ਹੀ ਸਵਿਫਟ ਕਾਰ ਵਿੱਚ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਫਾਟਕ ਬੰਦ ਹੋਣ ਕਾਰਨ ਹਮਲਾਵਰਾਂ ਨੂੰ ਮੌਕਾ ਮਿਲ ਗਿਆ। ਜਿਵੇਂ ਹੀ ਕਾਰ ਗੇਟ ‘ਤੇ ਰੁਕੀ ਤਾਂ ਨੌਜਵਾਨਾਂ ਨੇ ਸਵਿਫਟ ਤੋਂ ਹੇਠਾਂ ਉਤਰ ਕੇ ਗੋਲੀਆਂ ਚਲਾ ਦਿੱਤੀਆਂ।
ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਨੂੰ ਕਰੀਬ 5 ਗੋਲੀਆਂ ਲੱਗੀਆਂ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਛੇਤੀ ਹੀ ਲਾਸ਼ ਨੂੰ ਮੋਰਚਰੀ ‘ਚ ਰਖਵਾਇਆ ਜਾਵੇਗਾ ਅਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਸਵਿਫਟ ਕਾਰ ਬਾਰੇ ਕੁਝ ਸੁਰਾਗ ਪ੍ਰਾਪਤ ਕਰਨ ਲਈ ਇਲਾਕੇ ਦੇ ਸੀਸੀਟੀਵੀ ਅਤੇ ਰੂਟ ਨੂੰ ਸਕੈਨ ਕਰ ਰਹੀ ਹੈ।