ਚੰਡੀਗੜ੍ਹ 16 ਜਨਵਰੀ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) 29 ਜਨਵਰੀ ਨੂੰ ਪੰਜਾਬ ਦੌਰੇ ‘ਤੇ ਆਉਣਗੇ। ਇਸ ਦੌਰਾਨ ਅਮਿਤ ਸ਼ਾਹ ਨਾਲ ਭਾਜਪਾ ਦੇ ਕਈ ਆਗੂ ਵੀ ਸ਼ਾਮਲ ਹੋਣਗੇ। ਦੱਸ ਦੇਈਏ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਜਾਣਗੇ। ਇਸ ਦੌਰਾਨ ਅਮਿਤ ਸ਼ਾਹ ਚੋਣਾਂ ਨੂੰ ਲੈ ਕੇ ਭਾਜਪਾ ਆਗੂਆਂ ਨਾਲ ਮੀਟਿੰਗ ਵੀ ਕਰਨਗੇ।
ਅਮਿਤ ਸ਼ਾਹ ਦੀ ਪਟਿਆਲਾ ਫੇਰੀ ਨੂੰ ਵੀ ਪਾਰਟੀ ਦੀ ਮਜ਼ਬੂਤੀ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਵਿੱਚ ਭਾਜਪਾ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੋਂ ਇਲਾਵਾ ਹਾਲ ਹੀ ਵਿੱਚ ਕਾਂਗਰਸ ਦੇ ਕਈ ਦਿੱਗਜ ਸਾਬਕਾ ਮੰਤਰੀਆਂ ਦੀ ਹਮਾਇਤ ਮਿਲੀ ਹੈ। ਅਜਿਹੇ ‘ਚ ਉਹ ਉਨ੍ਹਾਂ ਰਾਹੀਂ ਪਾਰਟੀ ਨੂੰ ਪੂਰੇ ਪੰਜਾਬ ‘ਚ ਮਜ਼ਬੂਤੀ ਨਾਲ ਸਥਾਪਿਤ ਕਰਨ ਅਤੇ ਲੋਕ ਸਭਾ ਚੋਣਾਂ ‘ਚ ਵਧੀਆ ਪ੍ਰਦਰਸ਼ਨ ਕਰਨ ਦੀ ਰਣਨੀਤੀ ਵੀ ਬਣਾਉਣਗੇ।
ਇਸਦੇ ਨਾਲ ਹੀ ਅਸ਼ਵਨੀ ਸ਼ਰਮ ਦੇ ਇੱਕ ਬਿਆਨ ਮੁਤਾਬਕ ਭਾਜਪਾ ਹੁਣ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲੇ ਹੀ ਚੋਣ ਲੜੇਗੀ। ਅਜਿਹੇ ਵਿੱਚ ਪਾਰਟੀ ਵੱਲੋਂ ਹੀ ਮਜ਼ਬੂਤ ਉਮੀਦਵਾਰ ਲੱਭਣੇ ਜ਼ਰੂਰੀ ਹਨ। ਸ਼ਾਹ ਦੀ ਫੇਰੀ ਨੂੰ ਵੀ ਇਸੇ ਕੋਣ ਨਾਲ ਜੋੜਿਆ ਜਾ ਰਿਹਾ ਹੈ।