ਚੰਡੀਗੜ੍ਹ, 06 ਫਰਵਰੀ 2024: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਦੇਹਰਾਦੂਨ ਵਿੱਚ ਰਾਜ ਵਿਧਾਨ ਸਭਾ ਵਿੱਚ ਯੂਨੀਫਾਰਮ ਸਿਵਲ ਕੋਡ (Uniform Civil Code) ਉੱਤਰਾਖੰਡ 2024 ਬਿੱਲ ਪੇਸ਼ ਕੀਤਾ। ਹੁਣ ਰਾਜਪਾਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ। ਬਿੱਲ ਪਾਸ ਹੋਣ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਕਾਨੂੰਨ ਬਣ ਜਾਵੇਗਾ।
ਇਸ ਦੇ ਨਾਲ, ਦੇਵਭੂਮੀ ਉੱਤਰਾਖੰਡ ਯੂਸੀਸੀ ਨੂੰ ਲਾਗੂ ਕਰਨ ਲਈ ਆਜ਼ਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਸੂਤਰਾਂ ਮੁਤਾਬਕ ਖਰੜੇ ਵਿੱਚ 400 ਤੋਂ ਵੱਧ ਧਾਰਾਵਾਂ ਹਨ, ਜਿਨ੍ਹਾਂ ਦਾ ਉਦੇਸ਼ ਰਵਾਇਤੀ ਰੀਤੀ-ਰਿਵਾਜਾਂ ਤੋਂ ਪੈਦਾ ਹੋਣ ਵਾਲੀਆਂ ਵਿਸੰਗਤੀਆਂ ਨੂੰ ਦੂਰ ਕਰਨਾ ਹੈ। ਤੁਹਾਨੂੰ ਦੱਸ ਦਈਏ ਕਿ ਮਈ 2022 ਵਿੱਚ ਉੱਤਰਾਖੰਡ ਸਰਕਾਰ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਮਾਹਰਾਂ ਦੀ ਇੱਕ ਕਮੇਟੀ ਬਣਾਈ ਸੀ। ਸਰਕਾਰ ਦੁਆਰਾ 27 ਮਈ 2022 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਸ਼ਰਤਾਂ 10 ਜੂਨ 2022 ਨੂੰ ਸੂਚਿਤ ਕੀਤੀਆਂ ਗਈਆਂ ਸਨ।
ਕਮੇਟੀ ਨੇ ਬੈਠਕਾਂ, ਸਲਾਹ-ਮਸ਼ਵਰੇ, ਖੇਤਰੀ ਦੌਰੇ ਅਤੇ ਮਾਹਰਾਂ ਅਤੇ ਜਨਤਾ ਨਾਲ ਗੱਲਬਾਤ ਤੋਂ ਬਾਅਦ ਖਰੜਾ ਤਿਆਰ ਕੀਤਾ। ਇਸ ਪ੍ਰਕਿਰਿਆ ਨੂੰ 13 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਾ। ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਦੀ ਅਗਵਾਈ ਵਾਲੀ ਕਮੇਟੀ ਨੇ ਆਪਣੀ ਪਹਿਲੀ ਬੈਠਕ 4 ਜੁਲਾਈ, 2022 ਨੂੰ ਦਿੱਲੀ ਵਿੱਚ ਕੀਤੀ।
ਜੁਲਾਈ 2023 ਵਿੱਚ ਇੱਕ ਮੈਰਾਥਨ ਬੈਠਕ ਵਿੱਚ ਖਾਕੇ ਦੇ ਮਹੱਤਵਪੂਰਨ ਪਹਿਲੂਆਂ ‘ਤੇ ਚਰਚਾ ਕੀਤੀ ਗਈ ਅਤੇ ਅੰਤਿਮ ਰੂਪ ਦਿੱਤਾ ਗਿਆ। ਕਮੇਟੀ ਨੂੰ ਯੂਨੀਫਾਰਮ ਸਿਵਲ ਕੋਡ ‘ਤੇ ਔਨਲਾਈਨ ਅਤੇ ਆਫਲਾਈਨ ਦੋਵਾਂ ਤਰ੍ਹਾਂ ਦੇ ਲਗਭਗ 20 ਲੱਖ ਸੁਝਾਅ ਪ੍ਰਾਪਤ ਹੋਏ ਹਨ। ਇਨ੍ਹਾਂ ‘ਚੋਂ ਕਮੇਟੀ ਨੇ ਇਸ ਮੁੱਦੇ ‘ਤੇ ਉਨ੍ਹਾਂ ਦੀ ਰਾਏ ਜਾਣਨ ਲਈ 2.5 ਲੱਖ ਦੇ ਕਰੀਬ ਲੋਕਾਂ ਨਾਲ ਸਿੱਧੇ ਤੌਰ ‘ਤੇ ਮੁਲਾਕਾਤ ਕੀਤੀ ਹੈ।
ਬਹੁ-ਵਿਆਹ ‘ਤੇ ਲਗਾਈ ਜਾਵੇਗੀ ਪਾਬੰਦੀ
ਕੁਝ ਕਾਨੂੰਨ ਬਹੁ-ਵਿਆਹ ਦੀ ਇਜਾਜ਼ਤ ਦਿੰਦੇ ਹਨ। ਕਿਉਂਕਿ ਹਿੰਦੂ, ਈਸਾਈ ਅਤੇ ਪਾਰਸੀਆਂ ਲਈ ਦੂਜਾ ਵਿਆਹ ਅਪਰਾਧ ਹੈ ਅਤੇ ਇਸ ਲਈ ਸੱਤ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਇਸੇ ਲਈ ਕੁਝ ਲੋਕ ਦੁਬਾਰਾ ਵਿਆਹ ਕਰਨ ਲਈ ਧਰਮ ਬਦਲਦੇ ਹਨ। ਯੂਨੀਫਾਰਮ ਸਿਵਲ ਕੋਡ (Uniform Civil Code) ਦੇ ਲਾਗੂ ਹੋਣ ਤੋਂ ਬਾਅਦ ਬਹੁ-ਵਿਆਹ ‘ਤੇ ਪਾਬੰਦੀ ਲੱਗ ਜਾਵੇਗੀ। ਬਹੁ-ਵਿਆਹ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਵਿਆਹ ਲਈ ਕਾਨੂੰਨੀ ਉਮਰ 21 ਸਾਲ ਤੈਅ
ਵਿਆਹ ਦੀ ਘੱਟੋ-ਘੱਟ ਉਮਰ ਕੁਝ ਥਾਵਾਂ ‘ਤੇ ਨਿਸ਼ਚਿਤ ਕੀਤੀ ਗਈ ਹੈ ਅਤੇ ਕਈਆਂ ‘ਤੇ ਤੈਅ ਨਹੀਂ ਕੀਤੀ ਗਈ। ਕੁਝ ਧਰਮਾਂ ਵਿੱਚ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਹੈ। ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਆਣੇ ਨਹੀਂ ਹਨ। ਜਦੋਂ ਕਿ ਦੂਜੇ ਧਰਮਾਂ ਵਿੱਚ ਲਾਗੂ ਉਮਰ ਲੜਕੀਆਂ ਲਈ 18 ਸਾਲ ਅਤੇ ਲੜਕਿਆਂ ਲਈ 21 ਸਾਲ ਹੈ। ਕਾਨੂੰਨ ਬਣਨ ਤੋਂ ਬਾਅਦ ਲੜਕੀਆਂ ਦੇ ਵਿਆਹ ਦੀ ਕਾਨੂੰਨੀ ਉਮਰ 21 ਸਾਲ ਤੈਅ ਕੀਤੀ ਜਾਵੇਗੀ।
ਬਿਨਾਂ ਰਜਿਸਟ੍ਰੇਸ਼ਨ ਦੇ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ‘ਤੇ ਜੇਲ੍ਹ ਦੀ ਸਜ਼ਾ
ਇਸ ਦੇ ਨਾਲ ਹੀ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲਿਆਂ ਲਈ ਰਜਿਸਟਰ ਹੋਣਾ ਜ਼ਰੂਰੀ ਹੋਵੇਗਾ। ਯੂਨੀਫਾਰਮ ਸਿਵਲ ਕੋਡ ਦੇ ਲਾਗੂ ਹੋਣ ਤੋਂ ਬਾਅਦ, ਉੱਤਰਾਖੰਡ ਵਿੱਚ ਵੈਬ ਪੋਰਟਲ ‘ਤੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਰਜਿਸਟਰ ਕਰਨਾ ਜ਼ਰੂਰੀ ਹੋਵੇਗਾ। ਰਜਿਸਟ੍ਰੇਸ਼ਨ ਨਾ ਕਰਵਾਉਣ ‘ਤੇ ਜੋੜੇ ਨੂੰ ਛੇ ਮਹੀਨੇ ਦੀ ਕੈਦ ਜਾਂ 25,000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੋੜੇ ਨੂੰ ਰਜਿਸਟ੍ਰੇਸ਼ਨ ਵਜੋਂ ਜੋ ਰਸੀਦ ਮਿਲੇਗੀ, ਉਸ ਦੇ ਆਧਾਰ ‘ਤੇ ਉਹ ਕਿਰਾਏ ‘ਤੇ ਮਕਾਨ, ਹੋਸਟਲ ਜਾਂ ਪੀ.ਜੀ. ‘ਚ ਰਹਿ ਸਕਣਗੇ |
ਲਿਵ-ਇਨ ਰਿਲੇਸ਼ਨਸ਼ਿਪ ਨੂੰ UCC ਵਿੱਚ ਸਪਸ਼ਟ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਦੇ ਮੁਤਾਬਕ ਸਿਰਫ਼ ਇੱਕ ਬਾਲਗ ਪੁਰਸ਼ ਅਤੇ ਇੱਕ ਬਾਲਗ ਔਰਤ ਹੀ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਸਕਣਗੇ। ਉਹ ਪਹਿਲਾਂ ਤੋਂ ਹੀ ਵਿਆਹੇ ਹੋਏ ਨਹੀਂ ਹੋਣੇ ਚਾਹੀਦੇ ਹਨ ਜਾਂ ਕਿਸੇ ਹੋਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਨਹੀਂ ਹੋਣੇ ਚਾਹੀਦੇ ਹਨ ਜਾਂ ਰਿਸ਼ਤਿਆਂ ਦੀ ਪਾਬੰਦੀਸ਼ੁਦਾ ਡਿਗਰੀ ਵਿੱਚ ਨਹੀਂ ਹੋਣੇ ਚਾਹੀਦੇ। ਰਜਿਸਟਰਾਰ ਨੂੰ ਰਜਿਸਟਰ ਕਰਨ ਵਾਲੇ ਜੋੜੇ ਦੇ ਮਾਪਿਆਂ ਜਾਂ ਸਰਪ੍ਰਸਤ ਨੂੰ ਸੂਚਿਤ ਕਰਨਾ ਹੋਵੇਗਾ।