ਤਖ਼ਤ ਸ੍ਰੀ ਦਮਦਮਾ ਸਾਹਿਬ

ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਦਾ ਪ੍ਰਬੰਧ ਲੈਣ ਨੂੰ ਜਾਤੀਵਾਦ ਨਾਲ ਜੋੜਨਾ ਮੰਦਭਾਗਾ: ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 13 ਮਈ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਲਕੀਅਤੀ ਜ਼ਮੀਨ ਦਾ ਪ੍ਰਬੰਧ ਲੈਣ ਮਗਰੋਂ ਇਸ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਜਾਤੀਵਾਦ ਨਾਲ ਜੋੜਨ ਦੀ ਕੋਸ਼ਿਸ਼ ਦੀ ਸ਼੍ਰੋਮਣੀ ਕਮੇਟੀ ਦੇ ਅਹੁੇਦਾਰਾਂ ਅਤੇ ਮੈਂਬਰਾਂ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ ਤੇ ਅੰਤ੍ਰਿੰਗ ਮੈਂਬਰ ਸ. ਮੋਹਨ ਸਿੰਘ ਬੰਗੀ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਾਲਕੀ ਵਾਲੀ 15 ਕਨਾਲ, 14 ਮਰਲੇ ਜ਼ਮੀਨ ਦੇ ਮੁੱਦੇ ਨੂੰ ਕੁਝ ਲੋਕਾਂ ਵੱਲੋਂ ਨਿੱਜੀ ਹਿੱਤਾਂ ਤਹਿਤ ਗਲਤ ਰੰਗਤ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦਾ ਕੇਸ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਅਦਾਲਤਾਂ ਵੱਲੋਂ ਜਿੱਤਿਆ ਜਾ ਚੁੱਕਿਆ ਹੈ, ਜਿਸ ਤਹਿਤ ਪ੍ਰਬੰਧ ਲਿਆ ਗਿਆ ਹੈ। ਜਦਕਿ ਕੁਝ ਲੋਕ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਜਾਤੀਵਾਦ ਦਾ ਮਾਮਲਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਬੁੰਗਾ ਨਾਨਕਸਰ ਦਰਮਿਆਨ 2008 ਤੋਂ ਸਿਵਲ ਕੋਰਟ ਤਲਵੰਡੀ ਸਾਬੋ ਵਿਖੇ ਕੇਸ ਚੱਲਦਾ ਆ ਰਿਹਾ ਹੈ, ਜੋ 2011 ਵਿਚ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਹੋਇਆ ਸੀ। ਇਸ ਪਿੱਛੋਂ ਬੁੰਗਾ ਨਾਨਕਸਰ ਦੀ ਕਮੇਟੀ ਨੇ ਵਧੀਕ ਜ਼ਿਲ੍ਹਾ ਜੱਜ ਬਠਿੰਡਾ ਦੀ ਅਦਾਲਤ ਵਿਚ ਅਪੀਲ ਕੀਤੀ, ਜਿਸ ਦਾ ਫੈਸਲਾ ਵੀ 24 ਮਈ 2013 ਨੂੰ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਆਇਆ।

ਇਸ ਫੈਸਲੇ ਵਿਰੁੱਧ ਬੁੰਗਾ ਨਾਨਕਸਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੇਸ ਪਾਇਆ ਗਿਆ, ਜੋ 2015 ਵਿਚ ਖਾਰਜ ਹੋ ਗਿਆ। ਮਾਨਯੋਗ ਅਦਾਲਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਫੈਸਲਾ ਆਉਣ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਦੀ ਅਦਾਲਤ ਵਿਚ ਇਸ ਜ਼ਮੀਨ ਦਾ ਪ੍ਰਬੰਧ ਲੈਣ ਲਈ ਅਪੀਲ ਪਾਈ ਗਈ, ਜੋ 24 ਜਨਵਰੀ 2018 ਨੂੰ ਪ੍ਰਵਾਨ ਹੋਈ। 16 ਨਵੰਬਰ 2018 ਨੂੰ ਸ਼੍ਰੋਮਣੀ ਕਮੇਟੀ ਨੂੰ ਉਕਤ ਜ਼ਮੀਨ ਦਾ ਪ੍ਰਬੰਧ ਲੈਣ ਲਈ ਵਰੰਟ ਮਿਲਿਆ, ਪਰੰਤੂ ਕੋੋਰੋਨਾ ਮਹਾਮਾਰੀ ਦੌਰਾਨ ਕਾਰਵਾਈ ਨਹੀਂ ਹੋ ਸਕੀ।

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਦੂਜੀ ਧਿਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਗਈ, ਜਿਨ੍ਹਾਂ ਦੇ ਆਦੇਸ਼ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੱਲਬਾਤ ਲਈ ਇਕ ਸਬ-ਕਮੇਟੀ ਗਠਤ ਹੋਈ। ਇਸ ਸਬੰਧੀ ਦੂਜੀ ਧਿਰ ਵੱਲੋਂ ਵੀ 11 ਮੈਂਬਰੀ ਕਮੇਟੀ ਦੇ ਨਾਂ ਦਿੱਤੇ ਗਏ। ਇਨ੍ਹਾਂ ਦੋਹਾਂ ਕਮੇਟੀਆਂ ਵਿਚ ਸਹਿਮਤੀ ਨਾਲ 3 ਕਨਾਲ ਜ਼ਮੀਨ ਅਤੇ 50 ਲੱਖ ਰੁਪਏ ਸਹਾਇਤਾ ਦੇਣ ਦਾ ਫੈਸਲਾ ਹੋਇਆ ਸੀ। ਇਸੇ ਤਹਿਤ ਹੀ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ਦਾ ਪ੍ਰਬੰਧ ਕਾਨੂੰਨੀ ਦਾਇਰੇ ਵਿਚ ਰਹਿ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਜਿਸ ਕਮੇਟੀ ਨਾਲ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਹੋਇਆ ਸੀ, ਹੁਣ ਉਸ ਦੀ ਥਾਂ ਹੋਰ ਲੋਕ ਮਾਮਲੇ ਨੂੰ ਉਲਝਾ ਰਹੇ ਹਨ। ਇਥੋਂ ਤੱਕ ਕਿ ਇਹ ਲੋਕ ਜਾਤੀ ਰੰਗਤ ਦੇ ਕੇ ਪੰਥ ਵਿਚ ਦੁਬਿਧਾ ਪੈਦਾ ਕਰ ਰਹੇ ਹਨ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ ਨੇ ਸਾਫ਼ ਤੌਰ ’ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਾਰੇ ਵਰਗਾਂ ਦਾ ਸਤਿਕਾਰ ਕੀਤਾ ਹੈ ਅਤੇ ਗੁਰੂ ਸਾਹਿਬ ਦੀ ਸੋਚ ’ਤੇ ਚੱਲਦਿਆਂ ਕਦੇ ਵੀ ਵਿਤਕਰੇਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਮਿਲਣੀਆਂ ਵੀ ਹਨ। ਇਸ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੈੱਡ ਗ੍ਰੰਥੀ ਅਤੇ ਗ੍ਰੰਥੀ ਸਾਹਿਬਾਨਾਂ ਦੇ ਸਤਿਕਾਰਤ ਅਹੁਦਿਆਂ ਸਮੇਤ ਕਈ ਪ੍ਰਬੰਧਕੀ ਪੋਸਟਾਂ ’ਤੇ ਵੀ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕ ਤਾਇਨਾਤ ਹਨ। ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਵਿਚ ਹਜ਼ਾਰਾਂ ਮੁਲਾਜ਼ਮ ਵੱਖ-ਵੱਖ ਵਰਗਾਂ ਵਿੱਚੋਂ ਸੇਵਾਵਾਂ ਨਿਭਾਅ ਰਹੇ ਹਨ। ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ।

ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਦੇ ਮਾਮਲੇ ਨੂੰ ਜਾਤੀਵਾਦ ਦੇ ਤੌਰ ’ਤੇ ਉਲਝਾਉਣਾ ਬਿਲਕੁਲ ਨਿੱਜੀ ਮਨਸ਼ਾ ਨਾਲ ਜੁੜਿਆ ਹੋਇਆ ਹੈ ਅਤੇ ਸੰਗਤ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਗੁਰੂ ਘਰਾਂ ਦੀਆਂ ਜ਼ਮੀਨਾਂ, ਜਾਇਦਾਦਾਂ ਦੀ ਰਖਵਾਲੀ ਕਰਨਾ ਵੀ ਹੈ।

ਇਹ ਕਿਸੇ ਦੀ ਨਿੱਜੀ ਮਾਲਕੀ ਨਹੀਂ ਹਨ, ਇਹ ਪੰਥ ਦੀ ਅਮਾਨਤ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਮਾਮਲੇ ਵਿਚ ਜ਼ੋਰ ਜਬਰਦਸਤੀ ਨਹੀਂ ਕਰਦੀ ਅਤੇ ਹਰ ਮਾਮਲੇ ’ਤੇ ਵਿਚਾਰ ਦਾ ਰਾਹ ਅਪਨਾਇਆ ਜਾਂਦਾ ਹੈ। ਇਸ ਮਾਮਲੇ ਦਾ ਹੱਲ ਵੀ ਆਪਸੀ ਸਹਿਮਤੀ ਅਤੇ ਗੱਲਬਾਤ ਰਾਹੀਂ ਕੱਢਿਆ ਗਿਆ ਸੀ, ਪਰ ਕੁਝ ਲੋਕ ਇਸ ਵਿਚ ਰੋੜਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵੀ ਸ਼੍ਰੋਮਣੀ ਕਮੇਟੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਜੋਗਿੰਦਰ ਕੌਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਸ. ਰਣਜੀਤ ਸਿੰਘ, ਮੀਤ ਮੈਨੇਜਰ ਸ. ਗੁਰਦੇਵ ਸਿੰਘ ਅਤੇ ਹੋਰ ਮੌਜੂਦ ਸਨ।

Scroll to Top