ਪਟਿਆਲਾ, 06 ਮਈ 2023: ਪਟਿਆਲਾ (Patiala) ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹੋਏ ਪੰਜ ਹੋਰ ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਗਏ ਹਨ। ਇਸ ਸਬੰਧੀ ਹੋਏ ਵਰਚੂਅਲ ਉਦਘਾਟਨ ਮੌਕੇ ਤਫ਼ੱਜ਼ਲਪੁਰਾ ਦੇ ਆਮ ਆਦਮੀ ਕਲੀਨਿਕ ‘ਚ ਮੌਜੂਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ‘ਚ ਤੀਸਰੇ ਪੜਾਅ ਤਹਿਤ ਕੁੱਲ 14 ਆਮ ਆਦਮੀ ਕਲੀਨਿਕ ਖੁੱਲਣੇ ਹਨ, ਜਿਨ੍ਹਾਂ ਵਿਚੋਂ ਪਟਿਆਲਾ ਦੇ ਪੰਜ ਕਲੀਨਿਕਾ ਦਾ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਆਨ ਲਾਈਨ ਸਮਾਗਮ ਦੌਰਾਨ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਧਰਮ ਪਤਨੀ ਡਾ. ਰੁਪਿੰਦਰਜੀਤ ਕੌਰ ਸੈਣੀ ਤੋਂ ਇਲਾਵਾ ਅਰਸ਼ਦੀਪ ਕੌਰ ਵੀ ਮੌਜੂਦ ਸਨ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ‘ਚ ਆਰਿਆ ਸਮਾਜ, ਅਨੰਦ ਨਗਰ-ਬੀ, ਤਫੱਜ਼ਲਪੁਰਾ, ਸਤਿਆ ਇਨਕਲੇਵ ਅਤੇ ਵੱਡਾ ਅਰਾਈਮਾਜਰਾ (Patiala) ‘ਚ ਬਣਾਏ ਗਏ ਆਮ ਆਦਮੀ ਕਲੀਨਿਕ ਸ਼ਾਮਲ ਹਨ ਤੇ ਆਉਂਦੇ ਕੁਝ ਦਿਨਾਂ ‘ਚ ਹੀ ਬਾਕੀ ਕਲੀਨਿਕ ਵੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਘਰ ਨੇੜੇ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲਗਾਤਾਰ ਸਿਹਤ ਸਹੂਲਤਾਂ ‘ਚ ਸੁਧਾਰ ਲਈ ਕੰਮ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾਂ ਦੇ ਖੁਲਣ ਨਾਲ ਲੋਕਾਂ ਨੂੰ ਆਮ ਬਿਮਾਰੀਆਂ ਦੇ ਇਲਾਜ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਨਹੀ ਹੋਵੇਗੀ ਕਿਉਂਕਿ ਜਿਥੇ ਇਹਨਾਂ ਕਲੀਨਿਕਾਂ ਵਿੱਚ ਯੋਗ ਐਮ.ਬੀ.ਬੀ.ਐਸ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਉਥੇ ਮੁਫ਼ਤ ਦਵਾਈਆਂ ਦੇ ਨਾਲ ਨਾਲ ਲੋੜਵੰਦ ਮਰੀਜ਼ਾਂ ਦੇ ਖੂਨ ਪਿਸ਼ਾਬ ਦੇ ਟੈਸਟ ਵੀ ਕੀਤੇ ਮੁਫ਼ਤ ਕੀਤੇ ਜਾਣਗੇ।
ਇਸ ਮੌਕੇ ਤਫੱਜ਼ਲਪੁਰਾ ਵਾਸੀ ਤੀਰਥ ਰਾਮ ਨੇ ਕਿਹਾ ਕਿ ਇਲਾਕੇ ‘ਚ ਕਲੀਨਿਕ ਖੁੱਲਣ ਨਾਲ ਹਸਪਤਾਲਾਂ ਦੀਆਂ ਲੰਮੀਆਂ ਕਤਾਰਾਂ ਤੋਂ ਨਿਜਾਤ ਮਿਲੇਗੀ ਅਤੇ ਗਰੀਬਾਂ ਨੂੰ ਮੁਫ਼ਤ ਅਤੇ ਜਲਦੀ ਇਲਾਜ਼ ਦੀ ਸਹੂਲਤ ਮਿਲੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਐਸ.ਐਮ.ਓ. ਤ੍ਰਿਪੜੀ ਡਾ. ਵਿਕਾਸ ਗੋਇਲ ਵੀ ਮੌਜੂਦ ਸਨ।