July 2, 2024 7:55 pm

ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ‘ਤੇ ਸੋਹਾਣਾ ਹਸਪਤਾਲ ‘ਚ ਲਗਾਇਆ ਖ਼ੂਨਦਾਨ ਕੈਂਪ

ਮੋਹਾਲੀ 17 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 50ਵੇਂ ਜਨਮ ਦਿਨ ਮੌਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਖ਼ੂਨਦਾਨ ਕੈਂਪ ਲਗਾਏ ਗਏ | ਇਸ ਮੌਕੇ ਸ. ਕੁਲਵੰਤ ਸਿੰਘ ਹਲਕਾ ਵਿਧਾਇਕ ਮੋਹਾਲੀ ਵੱਲੋਂ ਉਨ੍ਹਾਂ ਦੇ ਜਨਮ ਦਿਨ ‘ਤੇ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਵਿੱਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ 117 ਵਲੰਟੀਅਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਮੁੱਖ ਮਹਿਮਾਨ ਵੱਜੋਂ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਲੋਕ ਸਭਾ ਹਲਕਾ ਇੰਚਾਰਜ ਮਾਲਵਿੰਦਰ ਸਿੰਘ ਕੰਗ ਵੱਲੋਂ ਪ੍ਰਸ਼ੰਸ਼ਾ ਪੱਤਰ ਅਤੇ ਸਰਟੀਫਿਕੇਟ ਵੀ ਵੰਡੇ ਗਏ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇਸਦੇ ਨਾਲ ਹੀ ਲਗਾਏ ਗਏ ਖ਼ੂਨਦਾਨ ਕੈਂਪ ਬਾਰੇ ਉਨ੍ਹਾਂ ਕਿਹਾ ਕਿ ਖ਼ੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਕੇ ਕਿਸੇ ਜ਼ਰੂਰਤਮੰਦ ਦੀ ਮੱਦਦ ਕੀਤੀ ਜਾ ਸਕਦੀ ਹੈ | ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਹੁਤ ਦੇਰ ਬਾਅਦ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ |

ਉਨ੍ਹਾਂ ਦੱਸਿਆ ਕਿ ਮੋਹਾਲੀ ‘ਚ 28 ਏਕੜ ਜ਼ਮੀਨ ਜੋ ਅਲਾਟ ਹੋਈ ਸੀ, ਉਸ ਵਿੱਚ ਮੈਡੀਕਲ ਕਾਲਜ ਬਣ ਰਿਹਾ ਹੈ | ਇਸਦੇ ਨਾਲ ਹੀ ਚੌਂਕ ਬਣਾਏ ਜਾ ਰਹੇ ਹਨ | ਇਸਦੇ ਨਾਲ ਹੀ ਇੱਕ ਵੱਡਾ ਡਾ. ਬੀ.ਆਰ ਅੰਬੇਡਕਰ ਭਵਨ ਬਣਾਇਆ ਜਾ ਰਿਹਾ ਹੈ | ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮੋਹਾਲੀ ਲਈ ਕਈ ਪ੍ਰਾਜੈਕਟ ਲਿਆਂਦੇ ਜਾਣਗੇ |

ਇਸ ਮੌਕੇ ਮੀਤ ਹੇਅਰ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫਤਾਰੀ ‘ਤੇ ਕਿਹਾ ਕਿ ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਹ ਗ੍ਰਿਫਤਾਰ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਉਹ ਪਾਵੇ ਸਾਡੀ ਜਾਂ ਕਿਸੇ ਹੋਰ ਪਾਰਟੀ ਦਾ ਕਿਉਂ ਨਾ ਹੋਵੇ | ਕਾਨੂੰਨ ਆਪਣਾ ਕੰਮ ਕਰ ਰਿਹਾ ਹੈ |

ਐੱਸ.ਵਾਈ.ਐੱਲ ਦੇ ਮੁੱਦੇ ਤੇ ਬੋਲਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਸਾਰਾ ਕੁਝ ਵਿਰੋਧੀ ਪਾਰਟੀਆਂ ਦਾ ਹੀ ਕੀਤਾ ਕਰਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹਰਿਆਣਾ ਨੂੰ ਪਾਣੀ ਦੇਣ ਲਈ ਇੱਕ ਬੂੰਦ ਨਹੀਂ | ਹੁਣ ਵਿਰੋਧੀ ਧਿਰ ਬਹਿਸ ਤੋਂ ਵੀ ਭੱਜਦੇ ਹੋਏ ਨਜ਼ਰ ਆ ਰਹੇ ਹਨ।

ਇਸ ਮੌਕੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮਾਲਵਿੰਦਰ ਸਿੰਘ ਕੰਗ ਲੋਕ ਸਭਾ ਇੰਚਾਰਜ ਹਲਕਾ ਅਨੰਦਪੁਰ ਸਾਹਿਬ, ਨਵੇਂ ਚੁਣੇ ਗਏ ਮੋਹਾਲੀ ਦੇ ਬਲਾਕ ਪ੍ਰਧਾਨ, ਸ੍ਰੀਮਤੀ ਅਨੂੰ ਬੱਬਰ ਪ੍ਰਧਾਨ ਯੂਥ ਵਿੰਗ ਮੋਹਾਲੀ, ਕੁਲਦੀਪ ਸਿੰਘ, ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ, ਰਵਿੰਦਰ ਸਿੰਘ ਬਿੰਦਰਾ, ਰਜੀਵ ਵਸ਼ਿਸ਼ਟ, ਅਰੁਣ ਗੋਇਲ, ਹਰਮੇਸ਼ ਸਿੰਘ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਅਵਤਾਰ ਸਿੰਘ ਮੌਲੀ ਅਤੇ ਆਰ.ਪੀ. ਸ਼ਰਮਾ ਹਾਜ਼ਰ ਸਨ।