ਪਟਿਆਲਾ, 8 ਅਕਤੂਬਰ 2023: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਖੇਡ ਸੱਭਿਆਚਾਰ ਪੈਦਾ ਕੀਤਾ ਹੈ, ਜਿਸ ਲਈ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ।
ਸਿਹਤ ਮੰਤਰੀ ਅੱਜ ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਬਾਰਾਂਦਾਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ ਵੱਲੋਂ ਆਪਣੇ ਆਈ ਹੈਰੀਟੇਜ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਗਈ ਸੱਤਵੀਂ ਹੈਰੀਟੇਜ ਵਾਕ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਉਚੇਚੇ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਜਾ ਸਕੇ।
ਤੰਦਰੁਸਤ ਰਹਿਣ ਲਈ ਲੋਕਾਂ ਨੂੰ ਕੁਦਰਤੀ ਆਹਾਰ, ਰੁੱਖਾਂ, ਕੁਦਰਤ ਅਤੇ ਸੈਰ ਕਰਨ ਨਾਲ ਜੁੜਨ ਦਾ ਸੱਦਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੀ ਸੈਰ ਨੂੰ ਸਾਨੂੰ ਆਪਣੀ ਰੋਜ਼ਮਰ੍ਹਾ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਨਾਲਾਇਕੀਆਂ ਕਰਕੇ ਕੁਦਰਤੀ ਆਫ਼ਤਾਂ ਆ ਰਹੀਆਂ ਹਨ, ਇਸ ਲਈ ਸਾਨੂੰ ਵਾਤਾਵਰਣ ਸੰਭਾਲ ਲਈ ਆਪਣਾ ਹਿੱਸਾ ਜਰੂਰ ਪਾਉਣਾ ਚਾਹੀਦਾ ਹੈ।
ਡਾ. ਬਲਬੀਰ ਸਿੰਘ ਨੇ ਪਟਿਆਲਾ ਫਾਊਂਡੇਸ਼ਨ ਅਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਸਿੰਘ ਆਹਲੂਵਾਲੀਆ ਵੱਲੋਂ ਵਿਰਸੇ ਨੂੰ ਸੰਭਾਲਣ ਅਤੇ ਇਸ ਨਾਲ ਲੋਕਾਂ ਨੂੰ ਜੋੜਨ ਸਮੇਤ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਯਤਨਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਫਾਊਂਡੇਸ਼ਨ ਦੀ ਇਸ ਸ਼ਾਨਦਾਰ ਪਹਿਲਕਦਮੀ ਨੇ ਲੋਕਾਂ ਨੂੰ ਪਟਿਆਲਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਬਾਰਾਂਦਾਰੀ ਬਾਗ ਨਾਲ ਜੋੜਿਆ ਹੈ।
ਅੱਜ ਦੀ ਇਹ 7ਵੀਂ ਹੈਰੀਟੇਜ ਵਾਕ ਲੀਲਾ ਭਵਨ ਨੇੜੇ ਬਾਰਾਂਦਰੀ ਗਾਰਡਨ ਦੇ ਗੇਟ ਤੋਂ ਸ਼ੁਰੂ ਹੋਈ ਅਤੇ ਬਾਰਾਂਦਰੀ ਗਾਰਡਨ ਦੇ ਅੰਦਰ ਸਥਿਤ ਸ਼ਾਨਦਾਰ ਵਿਰਾਸਤੀ ਦਰੱਖਤਾਂ, ਫਰਨ ਹਾਊਸ ਅਤੇ ਇਮਾਰਤਸਾਜ਼ੀ ਦੇ ਅਜੂਬਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਪਟਿਆਲਾ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਸਿੰਘ ਆਹਲੂਵਾਲੀਆ ਨੇ ਇਸ ਬਾਰੇ ਇਤਿਹਾਸਕ ਜਾਣਕਾਰੀ ਦਿੱਤੀ ਅਤੇ ਵਿਰਾਸਤੀ ਸੰਭਾਲ ਦੀ ਜ਼ਰੂਰੀ ਲੋੜ ‘ਤੇ ਜ਼ੋਰ ਦਿੱਤਾ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਸੇਵਾ ਮੁਕਤ ਆਈ.ਏ.ਐਸ. ਸੁਰੇਸ਼ ਕੁਮਾਰ, ਏਡੀਜੀਪੀ ਟਰੈਫਿਕ ਏਐਸ ਰਾਏ, ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ ਅਨਿੰਦਿਤਾ ਮਿੱਤਰਾ, ਵਧੀਕ ਜ਼ਿਲ੍ਹਾ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ, ਕਰਨਲ ਜੇ.ਵੀ ਸਿੰਘ, ਹਰੀ ਚੰਦ ਬਾਂਸਲ, ਐਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਤੇ ਡੀ.ਐਸ.ਪੀ ਸਿਟੀ ਸੰਜੀਵ ਸਿੰਗਲਾ ਵੀ ਸ਼ਾਮਲ ਹੋਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ ਕਮਿਸ਼ਨਰ (ਜ) ਮਨਪ੍ਰੀਤ ਕੌਰ ਅਤੇ ਅੰਡਰ ਟ੍ਰੇਨਿੰਗ ਡੀ.ਐਸ.ਪੀ. ਜਸ਼ਨਦੀਪ ਸਿੰਘ ਮਾਨ ਨੇ ਨਗਰ ਨਿਗਮ, ਬਾਗਬਾਨੀ ਵਿਭਾਗ ਤੇ ਜਲ ਸਪਲਾਈ ਤੇ ਸੈਨੀਟੇਸਨ ਨੂੰ ਨਾਲ ਲੈਕੇ ਸਮੁੱਚੇ ਪ੍ਰਬੰਧ ਨੇਪਰੇ ਚਾੜ੍ਹਨ ‘ਚ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਪਟਿਆਲਾ ਫਾਊਂਡੇਸ਼ਨ ਦੇ ਮੈਂਬਰ ਆਰ.ਕੇ.ਸ਼ਰਮਾ, ਐਚ.ਐਸ. ਆਹਲੂਵਾਲੀਆ, ਡਾ. ਨਿਧੀ ਸ਼ਰਮਾ, ਹਰਪ੍ਰੀਤ ਸੰਧੂ, ਅਨਮੋਲਜੀਤ ਸਿੰਘ, ਰਾਕੇਸ਼ ਬਧਵਾਰ, ਡਾ. ਆਸ਼ੂਤੋਸ਼, ਪਵਨ ਗੋਇਲ, ਐਸ.ਪੀ. ਚਾਂਦ, ਡਾ. ਅਭਿਨੰਦਨ ਬੱਸੀ, ਅਤੇ ਵਾਲੰਟੀਅਰ ਸਤਨਾਮ ਸਿੰਘ, ਸ਼ਯਾਮ ਮਿੱਤਲ, ਮੋਹਿਤ, ਵਿਧੀ, ਸ਼ੁਭਾਂਗੀ, ਪਲਕ, ਨੀਤਿਕਾ, ਭਰਪੂਰ ਸਿੰਘ, ਗੁਰਵਿੰਦਰ ਸਿੰਘ, ਆਯੂਸ਼, ਨੇ ਸਮਾਗਮ ਦੀ ਸਫਲਤਾ ਲਈ ਅਣਥੱਕ ਮਿਹਨਤ ਕੀਤੀ।