July 7, 2024 1:39 pm
PSPCL

ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ PSPCL ਨੇ ਕੀਤਾ 15.70 ਲੱਖ ਰੁਪਏ ਦਾ ਜ਼ੁਰਮਾਨਾ

ਪਟਿਆਲਾ, 27 ਜੂਨ,2023: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸੂਬੇ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਆਏ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ , ਇਸ ਲਈ ਪੀਐਸਪੀਸੀਐਲ ਵੱਲੋਂ ਪੰਜਾਬ ਵਿੱਚ ਬਿਜਲੀ ਚੋਰੀ ਨੂੰ ਜੜ੍ਹੋਂ ਖਤਮ ਕਰਨ ਲਈ ਉਲੀਕੀ ਵਿਸ਼ੇਸ਼ ਮੁਹਿੰਮ ਚਲ ਰਹੇ ਗਰਮੀਆਂ/ਝੋਨੇ ਦੇ ਸੀਜਨ ਵਿੱਚ ਵੀ ਜਾਰੀ ਰਹੇਗੀ। ਵਿਸ਼ੇਸ਼ ਮੁਹਿੰਮ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਅਤੇ ਖੇਤੀਬਾੜੀ ਖੇਤਰ ਜਿਥੇ ਜਾਲੀ ਟਿਊਬਵੈਲ ਕੁਨੈਕਸ਼ਨ ਚਲ ਰਹੇ ਹਨ, ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਬਿਜਲੀ ਚੋਰੀ ਵਿੱਚ ਦੋਸ਼ੀ ਪਾਏ ਜਾਣ‌ ਵਾਲੇ ਦੋਸ਼ੀ ਬਿਜਲੀ ਖਪਤਕਾਰਾਂ ਵਿਰੁਧ ਜ਼ੁਰਮਾਨੇ ਤੋਂ ਇਲਾਵਾ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਮਾਨਦਾਰ ਬਿਜਲੀ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ,ਪਰ ਬਿਜਲੀ ਚੋਰੀ ਕਰਨ ਵਾਲਿਆਂ ਖਪਤਕਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਏਸੇ ਤਰ੍ਹਾਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਰਕਲਾਂ ਦੀਆਂ ਪੀ.ਐਸ.ਪੀ.ਸੀ.ਐਲ ਇਨਫੋਰਸਮੈਂਟ ਟੀਮਾਂ ਨੇ ਪੁਲਿਸ ਅਧਿਕਾਰੀਆਂ ਨੇ ਸਾਂਝੇ ਤੌਰ ’ਤੇ ਛਾਪੇਮਾਰੀ ਦੌਰਾਨ ਪਿਛਲੇ ਦੋ ਦਿਨਾਂ ਵਿੱਚ 451 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਕਰਨ ਅਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਕਰਨ ਦੇ ਦੋਸ਼ ਲਈ 40, ਖਪਤਕਾਰਾਂ ਨੂੰ 15.70 ਲੱਖ ਰੁਪਏ ਜ਼ੁਰਮਾਨਾ ਕੀਤਾ ਹੈ।

ਪੀਐਸਪੀਸੀਐਲ (PSPCL) ਨੇ ਬਠਿੰਡਾ ਸਰਕਲ ਦੀਆਂ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਭਗਤਾ ਭਾਈਕਾ, ਧਰਮਕੋਟ, ਸ੍ਰੀ ਮੁਕਤਸਰ ਸਾਹਿਬ (ਉਪਨਗਰ), ਜਲਾਲਾਬਾਦ, ਮਲੋਟ (ਸਿਟੀ) ਗੁਰੂ ਹਰਸਹਾਏ (ਉਪਨਗਰ) ਤਲਵੰਡੀ ਸਾਬੋ ਅਤੇ ਬਠਿੰਡਾ ਦੇ 219 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ 14 ਖਪਤਕਾਰਾਂ ਨੂੰ 6.60 ਲੱਖ ਰੁਪਏ ਜ਼ੁਰਮਾਨਾ ਕੀਤਾ ਹੈ।

ਚੈਕਿੰਗ ਦੌਰਾਨ ਲੁਧਿਆਣਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਅਸਟੇਟ ਯੂ 1 ਅਤੇ 2 ਦੇ 33 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਅਤੇ ਹੋਰ ਉਲੰਘਣਾਵਾਂ ਕਰਨ ਵਾਲੇ 12 ਖਪਤਕਾਰਾਂ ਨੂੰ 7.1 ਲੱਖ ਰੁਪਏ ਦੇ ਜੁਰਮਾਨੇ ਕੀਤੇ। ਪਟਿਆਲਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਮੁਹਾਲੀ ਅਤੇ ਮਨੀ ਮਾਜਰਾ ਇਲਾਕਿਆਂ ਦੇ 199 ਬਿਜਲੀ ਖਪਤਕਾਰਾਂ ਦੇ ਅਹਾਤੇ ਦੀ ਚੈਕਿੰਗ ਕੀਤੀ ਅਤੇ 14 ਖਪਤਕਾਰਾਂ ਨੂੰ ਚੋਰੀ ਅਤੇ ਹੋਰ ਉਲੰਘਣਾਵਾਂ ਲਈ 2 ਲੱਖ ਰੁਪਏ ਜ਼ੁਰਮਾਨਾ ਕੀਤਾ।

ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਸਾਰੇ ਵਡਮੁੱਲੇ ਖਪਤਕਾਰਾਂ/ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨੂੰ ਕਾਬੂ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਦੇ ਵਟਸਐਪ ਨੰਬਰ 96461-75770 ‘ਤੇ ਬਿਜਲੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਜ਼ੋਰਦਾਰ ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ।ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।