ਦਿੱਲੀ, 25 ਜੂਨ 2025: ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਪਿਛਲੇ 11 ਸਾਲਾਂ ਤੋਂ ਦੇਸ਼ ‘ਚ ਇੱਕ ਅਣਐਲਾਨੀ ਐਮਰਜੈਂਸੀ ਲਗਾਈ ਗਈ ਹੈ। ਭਾਰਤੀ ਲੋਕਤੰਤਰ ‘ਤੇ ਯੋਜਨਾਬੱਧ ਅਤੇ ਖਤਰਨਾਕ ਤਰੀਕੇ ਨਾਲ ਪੰਜ ਗੁਣਾ ਜ਼ਿਆਦਾ ਹਮਲਾ ਕੀਤਾ ਜਾ ਰਿਹਾ ਹੈ, ਜਿਸ ਨੂੰ ਅਣਐਲਾਨੀ ਐਮਰਜੈਂਸੀ ਕਹਿਣਾ ਸਹੀ ਹੋਵੇਗਾ। ਕਾਂਗਰਸ ਨੇ ਦਾਅਵਾ ਕੀਤਾ ਕਿ ਦੇਸ਼ ‘ਚ ਬੇਲਗਾਮ ਨਫ਼ਰਤ ਭਰੇ ਭਾਸ਼ਣ ਦਿੱਤੇ ਜਾ ਰਹੇ ਹਨ ਅਤੇ ਨਾਗਰਿਕ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ’ਸਰਕਾਰ ਦੇ ਆਲੋਚਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ ‘ਚ ਬੈਠੇ ਲੋਕਾਂ ਦੁਆਰਾ ਨਫ਼ਰਤ ਅਤੇ ਕੱਟੜਤਾ ਫੈਲਾਈ ਜਾ ਰਹੀ ਹੈ। ਜਾਤੀ ਜਨਗਣਨਾ ਦੀ ਮੰਗ ਕਰਨ ਵਾਲਿਆਂ ਨੂੰ ਸ਼ਹਿਰੀ ਨਕਸਲੀ ਕਿਹਾ ਜਾ ਰਿਹਾ ਹੈ।’
ਜੈਰਾਮ ਰਮੇਸ਼ ਨੇ ਕਿਹਾ ਕਿ ‘ਮਹਾਤਮਾ ਗਾਂਧੀ ਦੇ ਕਾਤਲਾਂ ਦੀ ਵਡਿਆਈ ਕੀਤੀ ਜਾ ਰਹੀ ਹੈ, ਘੱਟ ਗਿਣਤੀਆਂ ਡਰ ‘ਚ ਜੀ ਰਹੀਆਂ ਹਨ, ਦਲਿਤਾਂ ਅਤੇ ਹੋਰ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਮੰਤਰੀ ਨਫ਼ਰਤ ਭਰੇ ਭਾਸ਼ਣ ਦੇ ਰਹੇ ਹਨ ਅਤੇ ਬਦਲੇ ‘ਚ ਇਨਾਮ ਦਿੱਤੇ ਜਾ ਰਹੇ ਹਨ।’
ਕਾਂਗਰਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੇਂਦਰ ਸਰਕਾਰ ‘ਸੰਵਿਧਾਨ ਹਤਿਆ ਦਿਵਸ’ ਮਨਾ ਰਹੀ ਹੈ। ਅੱਜ ਦੇਸ਼ ‘ਚ ਐਮਰਜੈਂਸੀ ਲਗਾਏ ਨੂੰ 50 ਸਾਲ ਹੋ ਗਏ ਹਨ। ਇੰਦਰਾ ਗਾਂਧੀ ਨੇ 1975 ‘ਚ ਦੇਸ਼ ਵਿੱਚ ਐਮਰਜੈਂਸੀ ਲਗਾਈ ਸੀ। ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ, ‘ਕਾਂਗਰਸ ਪਾਰਟੀ ਨੇ ਦੇਸ਼ ‘ਚ ਐਮਰਜੈਂਸੀ ਲਗਾਉਣ ਲਈ ਅਧਿਕਾਰਤ ਤੌਰ ‘ਤੇ ਮੁਆਫ਼ੀ ਨਹੀਂ ਮੰਗੀ ਹੈ।
ਜੇਕਰ ਤਾਨਾਸ਼ਾਹ ਗਾਂਧੀ-ਵਾਡਰਾ ਪਰਿਵਾਰ ਕੋਲ ਥੋੜ੍ਹਾ ਜਿਹਾ ਵੀ ਲੋਕਤੰਤਰੀ ਮੁੱਲ ਬਚਿਆ ਹੈ, ਤਾਂ ਉਨ੍ਹਾਂ ਨੂੰ 50 ਸਾਲ ਪਹਿਲਾਂ ਐਮਰਜੈਂਸੀ ਲਗਾਉਣ ਲਈ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਗਾਂਧੀ-ਵਾਡਰਾ ਪਰਿਵਾਰ ਨੇ ਇਸ ਦੇਸ਼ ਦੇ ਸੰਵਿਧਾਨ ਦਾ ਕਤਲ ਕੀਤਾ, ਲੋਕਤੰਤਰ ਨੂੰ ਖਤਮ ਕੀਤਾ ਅਤੇ ਬੁਨਿਆਦੀ ਅਧਿਕਾਰ ਖੋਹ ਲਏ। ਇਹ ਸਭ ਆਪਣੀ ਸੱਤਾ ਬਚਾਉਣ ਲਈ ਕੀਤਾ ਗਿਆ ਸੀ।’
Read More: ਪੰਜਾਬ ਕਾਂਗਰਸ ਵੱਲੋਂ ਪੰਜਾਬ ਦੇ 117 ਹਲਕਿਆਂ ‘ਚ ਕੋਆਰਡੀਨੇਟਰ ਨਿਯੁਕਤ