ਚੰਡੀਗੜ੍ਹ 01 ਮਾਰਚ 2022: ਯੂਕਰੇਨ-ਰੂਸ ਵਿਚਕਾਰ ਚੱਲ ਰਹੀ ਜੰਗ ਨੇ ਦੁਨੀਆਂ ਦੇ ਦੇਸ਼ਾਂ ਦ ਦੀ ਚਿੰਤਾ ਵਧ ਦਿੱਤੀ ਹੈ | ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅਸਰ ਭਾਰਤੀ ਅਰਥਵਿਵਸਥਾ ‘ਤੇ ਵੀ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਹਮਲਾ ਲੰਮਾ ਚੱਲਦਾ ਹੈ ਤਾਂ ਭਾਰਤ ਦੀ ਜੀਡੀਪੀ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਅਜਿਹੀ ਸਥਿਤੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਉੱਚੀਆਂ ਨੂੰ ਛੂਹ ਸਕਦੀਆਂ ਹਨ ਅਤੇ ਇਸ ਨਾਲ ਭਾਰਤ ਦਾ ਆਯਾਤ ਖ਼ਰਚ ਵਧ ਸਕਦਾ ਹੈ।
ਤੇਲ ਅਰਥ ਸ਼ਾਸਤਰੀ ਕਿਰੀਟ ਪਾਰੇਖ ਦਾ ਕਹਿਣਾ ਹੈ ਕਿ , ‘ਯੂਕਰੇਨ ‘ਤੇ ਰੂਸੀ ਹਮਲੇ ਤੋਂ ਪਹਿਲਾਂ ਹੀ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਤੱਕ ਪਹੁੰਚ ਗਈਆਂ ਸਨ। ਇਸ ਹਮਲੇ ਕਾਰਨ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਤੇ ਦਬਾਅ ਵਧ ਰਿਹਾ ਹੈ ਅਤੇ ਇਹ ਲੰਬੇ ਸਮੇਂ ਤੱਕ ਉੱਚ ਪੱਧਰ ‘ਤੇ ਰਹਿ ਸਕਦੇ ਹਨ। ਇਸ ਨਾਲ ਕੱਚੇ ਤੇਲ ਦੀ ਦਰਾਮਦ ‘ਤੇ ਭਾਰਤ ਦਾ ਖਰਚ ਵਧੇਗਾ।