Ukraine

Ukraine: ਅਮਰੀਕਾ ਨੇ ਕੀਵ ‘ਚ ਆਪਣਾ ਦੂਤਘਰ ਕੀਤਾ ਬੰਦ, ਰੂਸ-ਯੂਕਰੇਨ ਯੁੱਧ ਵਧਣ ਦਾ ਖਦਸ਼ਾ

ਚੰਡੀਗੜ੍ਹ, 20 ਨਵੰਬਰ 2024: ਰੂਸ-ਯੂਕਰੇਨ ਯੁੱਧ (Russia-Ukraine war) ਦਰਮਿਆਨ ਵਧਦੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਕੀਵ ‘ਚ ਆਪਣਾ ਦੂਤਘਰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸਦੇ ਨਾਲ ਹੀ ਅਮਰੀਕਾ ਨੇ ਦੂਤਘਰ ਦੇ ਅਧਿਕਾਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਨਾਹ ਲੈਣ ਦੀ ਸਲਾਹ ਦਿੱਤੀ ਹੈ। ਦਰਅਸਲ ਅਮਰੀਕਾ ਨੂੰ ਕੀਵ ਸਥਿਤ ਆਪਣੇ ਦੂਤਾਵਾਸ ‘ਤੇ ਹਵਾਈ ਹਮਲਾ ਹੋਣ ਦਾ ਖਦਸ਼ਾ ਹੈ | ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਦੂਤਘਰ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਦਾ ਇਹ ਕਦਮ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਕਾਫ਼ੀ ਵਧ ਗਿਆ ਹੈ। ਖਾਸ ਤੌਰ ‘ਤੇ ਅਮਰੀਕਾ ਵੱਲੋਂ ਯੂਕਰੇਨ ਨੂੰ ਰੂਸ ‘ਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਸਥਿਤੀ ਹੋਰ ਵੀ ਤਣਾਅਪੂਰਨ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਵੀ ਇਸ ਸਬੰਧੀ ਕਥਿਤ ਤੌਰ ‘ਤੇ ਧਮਕੀ ਦਿੱਤੀ ਹੈ, ਦਰਅਸਲ ਅਮਰੀਕਾ ਦੀ ਮਨਜ਼ੂਰੀ ਤੋਂ ਬਾਅਦ ਯੂਕਰੇਨ ਦੇ ਨਿਸ਼ਾਨੇ ‘ਤੇ ਰੂਸ ਦੇ ਮਹੱਤਵਪੂਰਨ ਫੌਜੀ ਅਤੇ ਸਿਆਸੀ ਅਦਾਰੇ ਆ ਗਏ ਹਨ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਸੋਧੀ ਹੋਈ ਪਰਮਾਣੂ ਨੀਤੀ ‘ਤੇ ਦਸਤਖਤ ਕੀਤੇ, ਜਿਸ ਤਹਿਤ ਰੂਸ ਵੱਲੋਂ ਯੂਕਰੇਨ (Ukraine) ਯੁੱਧ ‘ਚ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲੇ ਨੂੰ ਕਿਸੇ ਤੀਜੇ ਦੇਸ਼ ਦੀ ਸ਼ਮੂਲੀਅਤ ਮੰਨਿਆ ਜਾਵੇਗਾ ਅਤੇ ਇਸ ਦੇ ਜਵਾਬ ‘ਚ ਰੂਸ ਵੀ ਪ੍ਰਮਾਣੂ ਹਮਲਾ ਕਰ ਸਕਦਾ ਹੈ।

ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਹੈ ਕਿ ਤਿੰਨ ਯੂਰਪੀ ਦੇਸ਼ਾਂ ਨਾਰਵੇ, ਸਵੀਡਨ ਅਤੇ ਫਿਨਲੈਂਡ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਨ੍ਹਾਂ ਤਿੰਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਦਾ ਸਟਾਕ ਰੱਖਣ ਅਤੇ ਫੌਜੀਆਂ ਨੂੰ ਜੰਗ ਲਈ ਤਿਆਰ ਰਹਿਣ ਲਈ ਕਿਹਾ ਹੈ।

ਸਵੀਡਨ ਨੇ ਪਰਮਾਣੂ ਯੁੱਧ ਦੀ ਸਥਿਤੀ ‘ਚ ਰੇਡੀਏਸ਼ਨ ਤੋਂ ਬਚਾਅ ਲਈ ਲੋਕਾਂ ਨੂੰ ਆਇਓਡੀਨ ਦੀਆਂ ਗੋਲੀਆਂ ਖਰੀਦਣ ਅਤੇ ਰੱਖਣ ਲਈ ਵੀ ਕਿਹਾ ਹੈ। ਨਾਟੋ ਅਤੇ ਯੂਰਪੀ ਸੰਘ ਦੇ ਦੇਸ਼ਾਂ ਹੰਗਰੀ ਅਤੇ ਸਲੋਵਾਕੀਆ ਨੇ ਜੋਅ ਬਾਈਡਨ ਦੇ ਫੈਸਲੇ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਉਨ੍ਹਾਂ ‘ਤੇ ਰੂਸ-ਯੂਕਰੇਨ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ।

Scroll to Top