ਜਲੰਧਰ 23 ਅਗਸਤ, 2025: ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬੀਤੇ ਦਿਨ ਜਲੰਧਰ ਵਿਖੇ ਪੰਜਾਬ ਦੇ ਉਦਯੋਗ ਅਤੇ ਐਨਆਰਆਈ ਮਾਮਲੇ ਬਾਰੇ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੋਵਾਂ ਦਾ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਪਰਮਜੀਤ ਸਿੰਘ ਰਾਏਪੁਰ, ਮੈਂਬਰ ਐਸਜੀਪੀਸੀ ਕਾਰਜਕਾਰੀ ਕਮੇਟੀ ਅਤੇ ਸਾਬਕਾ ਚੇਅਰਮੈਨ ਜਲੰਧਰ ਸੁਧਾਰ ਟਰੱਸਟ ਨੇ ਨਿੱਘਾ ਸਵਾਗਤ ਕੀਤਾ।
ਯੂਕੇ ‘ਚ ਤੀਜੀ ਵਾਰ ਸਲੋਹ ਹਲਕੇ ਤੋਂ ਸੰਸਦ ਮੈਂਬਰ ਵਜੋਂ ਚੁਣੇ ਢੇਸੀ ਨੂੰ ਬਰਤਾਨੀਆ ਸੰਸਦ ਦੁਆਰਾ ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ ਵੀ ਚੁਣਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਨਸਲੀ ਘੱਟ ਗਿਣਤੀਆਂ ਦੇ ਮੈਂਬਰ ਨੂੰ ਇਸ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਸੰਸਦੀ ਕਮੇਟੀ ‘ਚ ਇਸ ਅਹੁਦੇ ‘ਤੇ ਸੇਵਾ ਕਰਨ ਲਈ ਚੁਣਿਆ ਹੈ।
ਘੰਟਾ ਭਰ ਚੱਲੀ ਇਸ ਬੈਠਕ ‘ਚ ਪ੍ਰਵਾਸੀ ਭਾਰਤੀਆਂ ਲਈ ਮਹੱਤਵਪੂਰਨ ਮੁੱਦਿਆਂ, ਖਾਸ ਕਰਕੇ ਜ਼ਮੀਨਾਂ ਦੇ ਝਗੜੇ ਅਤੇ ਉਨ੍ਹਾਂ ਉੱਤੇ ਕਬਜ਼ੇ ਕਰਨ ਦੇ ਮਾਮਲਿਆਂ ਨੂੰ ਵਿਚਾਰਿਆ ਜੋ ਕਿ ਵੱਡੀ ਚਿੰਤਾ ਦਾ ਕਾਰਨ ਹੈ। ਇਸ ਤੋਂ ਇਲਾਵਾ ਜਬਰੀ ਵਸੂਲੀ ਦੀਆਂ ਘਟਨਾਵਾਂ ਵੀ ਇੱਕ ਸਮੱਸਿਆ ਵਜੋਂ ਵਿਚਾਰੀਆਂ |
ਜਿਨ੍ਹਾਂ ਨਾਲ ਆਮ ਲੋਕਾਂ ਖਾਸ ਕਰ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਜਿੱਠਣ ਦੀ ਲੋੜ ਹੈ। ਢੇਸੀ ਨੇ ਪੰਜਾਬ ਸਰਕਾਰ ਤੋਂ ਇੱਕ ਪ੍ਰਭਾਵਸ਼ਾਲੀ ਇਕਹਿਰੀ-ਖਿੜਕੀ ਪ੍ਰਣਾਲੀ ਦੀ ਕਾਮਨਾ ਕੀਤੀ, ਜਿਸ ‘ਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਆਪਣੇ ਕੰਮਾਂ-ਕਾਰਾਂ ਨੂੰ ਪੂਰਾ ਕਰਾਉਣ ਲਈ ਭਰੋਸਾ ਕਰ ਸਕਣ ਅਤੇ ਨਾਲ ਹੀ ਪੰਜਾਬ ‘ਚ ਨਿਵੇਸ਼ ਕਰਨ ਦੀ ਇੱਛਾ ਰੱਖਣ ਵਾਲੇ ਕਾਰੋਬਾਰੀ ਲੋਕਾਂ ਲਈ ਵੀ ਸਹੂਲਤ ਮਿਲ ਸਕੇ ਤਾਂ ਜੋ ਉਹ ਨੌਕਰਸ਼ਾਹੀ ਦੀ ਟਾਲ-ਮਟੋਲ ਤੋਂ ਬਚ ਸਕਣ ਤੇ ਪੰਜਾਬ ‘ਚ ਨਿਵੇਸ਼ ਕਰ ਸਕਣ।
ਸੰਸਦ ਮੈਂਬਰ ਢੇਸੀ ਨੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਲਈ ਮੁੜ੍ਹ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਚੁੱਕਿਆ, ਖਾਸ ਕਰਕੇ ਲੰਡਨ, ਬਰਮਿੰਘਮ ਅਤੇ ਹੋਰ ਯੂਰਪੀਅਨ ਸਥਾਨਾਂ ਸਮੇਤ ਉੱਤਰੀ ਅਮਰੀਕਾ ਅਤੇ ਏਸ਼ੀਆਈ ਮੁਲਕਾਂ ਤੋਂ ਇਹ ਉਡਾਣਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਵਿਸ਼ਵ ਭਰ ਦੇ ਪੰਜਾਬੀਆਂ ਅਤੇ ਸੈਲਾਨੀਆਂ ਨੂੰ ਪੰਜਾਬ ਨਾਲ ਸਿੱਧਾ ਜੋੜਨ ‘ਚ ਵੱਡੀ ਮੱਦਦ ਮਿਲੇਗੀ ਤੇ ਨਾਲ ਹੀ ਵਪਾਰਕ ਗਤੀਵਿਧੀਆਂ ਵਿੱਚ ਵੀ ਵਾਧਾ ਹੋਵੇਗਾ।
ਤਨਮਨਜੀਤ ਢੇਸੀ ਨੇ ਲੱਖਾਂ ਪ੍ਰਵਾਸੀ ਪੰਜਾਬੀਆਂ ਦੀ ਆਮਦ ਨੂੰ ਦੇਖਦੇ ਹੋਏ ਉਮੀਦ ਜਤਾਈ ਕਿ ਪੰਜਾਬ ਹਵਾਬਾਜ਼ੀ ਖੇਤਰ ‘ਚ ਇੱਕ ਵੱਡੀ ਸ਼ਕਤੀ ਵਜੋਂ ਉਭਰ ਸਕਦਾ ਹੈ ਅਤੇ ਇਸ ਲਈ ਲੋੜੀਂਦੀਆਂ ਹਵਾਈ ਸਹੂਲਤਾਂ ਨੂੰ ਸੰਭਵ ਬਣਾਉਣ ‘ਚ ਮੱਦਦ ਕਰਨ ਲਈ ਭਾਰਤ ਅਤੇ ਪੰਜਾਬ ਸਰਕਾਰਾਂ ਤੋਂ ਨਿਵੇਸ਼ ਅਤੇ ਰਾਜਨੀਤਿਕ ਸਹਾਇਤਾ ਦੀ ਬੇਨਤੀ ਕੀਤੀ।
ਉਨਾਂ ਕਿਹਾ ਕਿ ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਕਾਰਗੋ ਬੰਦਰਗਾਹ, ਜਿਸ ਨੂੰ ਹਾਲ ਹੀ ‘ਚ ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਬੰਦ ਕਰ ਦਿੱਤਾ ਸੀ, ਉਨ੍ਹਾਂ ਨੂੰ ਦੁਬਾਰਾ ਖੋਲ੍ਹਣ ਦੀ ਜ਼ਰੂਰਤ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਬਿਹਤਰ ਸਬੰਧਾਂ ਅਤੇ ਵਧੇ ਹੋਏ ਵਪਾਰ ਦਾ ਦੋਵਾਂ ਦੇਸ਼ਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਲਾਭ ਹੋਵੇਗਾ। ਢੇਸੀ ਨੇ ਇਹ ਵੀ ਬੇਨਤੀ ਕੀਤੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਦੁਬਾਰਾ ਖੋਲ੍ਹਣ ਲਈ ਦਬਾਅ ਪਾਇਆ ਜਾਵੇ। ਇਹ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਮੁੱਦਾ ਹੈ। ਇਸ ਤੋਂ ਇਲਾਵਾ ਹੋਰ ਲੰਬੇ ਸਮੇਂ ਤੋਂ ਲਟਕ ਰਹੇ ਭਾਵਨਾਤਮਕ ਮੁੱਦੇ ਜਿਵੇਂ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਨੀਤਿਕ ਕੈਦੀਆਂ ਦੀ ਰਿਹਾਈ ਅਤੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮਾਮਲਾ ਸ਼ਾਮਲ ਹੈ।
Read More: ਪੰਜਾਬ ਕੈਬਨਿਟ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ, ਸੰਜੀਵ ਅਰੋੜਾ ਨੂੰ ਦਿੱਤਾ ਬਿਜਲੀ ਵਿਭਾਗ




