July 4, 2024 7:29 pm
Uganda

ਯੂਗਾਂਡਾ ਨੇ ਟੀ-20 ਵਿਸ਼ਵ ਕੱਪ 2024 ਲਈ ਕੀਤਾ ਕੁਆਲੀਫਾਈ, ਟੀਮ ਪਹਿਲੀ ਵਾਰ ਖੇਡੇਗੀ ICC ਵਿਸ਼ਵ ਕੱਪ

ਚੰਡੀਗੜ੍ਹ, 30 ਨਵੰਬਰ 2023: ਅਫਰੀਕੀ ਦੇਸ਼ ਯੂਗਾਂਡਾ (Uganda) ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਅਫਰੀਕਾ ਖੇਤਰ ਦੇ ਕੁਆਲੀਫਾਇਰ ਵਿੱਚ ਟਾਪ-2 ਵਿੱਚ ਰਹੀ ਹੈ। ਯੂਗਾਂਡਾ ਦੀ ਟੀਮ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਖੇਡੇਗੀ। ਯੂਗਾਂਡਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਅਫਰੀਕਾ ਦਾ 5ਵਾਂ ਦੇਸ਼ ਬਣ ਗਿਆ ਹੈ। ਯੂਗਾਂਡਾ ਤੋਂ ਇਲਾਵਾ ਨਾਮੀਬੀਆ ਨੂੰ ਵੀ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਟਿਕਟਾਂ ਮਿਲ ਗਈਆਂ ਹਨ। ਟੀ-20 ਵਿਸ਼ਵ ਕੱਪ 6 ਜੂਨ, 2024 ਤੋਂ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਜਾਵੇਗਾ।

ਯੂਗਾਂਡਾ (Uganda) ਨੇ ਅਫਰੀਕਾ ਖੇਤਰ ਕੁਆਲੀਫਾਇਰ ਵਿੱਚ ਆਪਣੇ ਆਖਰੀ ਮੈਚ ਵਿੱਚ ਰਵਾਂਡਾ ਨੂੰ 9 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਟੀਮ ਨੇ ਟੂਰਨਾਮੈਂਟ ਦੇ ਅੰਕ ਸੂਚੀ ਦੇ ਟਾਪ-2 ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਤੋਂ ਪਹਿਲਾਂ ਟੀਮ ਨੇ ਕੀਨੀਆ ਨੂੰ 33 ਦੌੜਾਂ ਨਾਲ, ਨਾਈਜੀਰੀਆ ਨੂੰ 9 ਵਿਕਟਾਂ ਨਾਲ, ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਅਤੇ ਤਨਜ਼ਾਨੀਆ ਨੂੰ 8 ਵਿਕਟਾਂ ਨਾਲ ਹਰਾਇਆ। ਟੀਮ ਨੂੰ ਨਾਮੀਬੀਆ ਖ਼ਿਲਾਫ਼ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੇ 6 ਵਿੱਚੋਂ 5 ਮੈਚ ਜਿੱਤ ਕੇ ਅੰਕ ਸੂਚੀ ਵਿੱਚ ਟਾਪ-2 ਵਿੱਚ ਥਾਂ ਪੱਕੀ ਕੀਤੀ। ਨਾਮੀਬੀਆ ਸਾਰੇ ਮੈਚ ਜਿੱਤ ਕੇ ਚੋਟੀ ‘ਤੇ ਰਿਹਾ।