July 7, 2024 6:33 pm
U-19 World Cup

U-19 World Cup: 11 ਫਰਵਰੀ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ

ਚੰਡੀਗੜ੍ਹ, 09 ਫਰਵਰੀ 2024: ਆਸਟਰੇਲੀਆ ਨੇ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ (U-19 World Cup) ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਟੀਮ ਨੇ ਵੀਰਵਾਰ ਨੂੰ ਰੋਮਾਂਚਕ ਸੈਮੀਫਾਈਨਲ ‘ਚ ਪਾਕਿਸਤਾਨ ‘ਤੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ। ਆਸਟਰੇਲੀਆਈ ਟੀਮ 11 ਫਰਵਰੀ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਨਾਲ ਭਿੜੇਗੀ। ਇਹ ਮੈਚ ਵਿਲੋਮੂਰ ਪਾਰਕ, ​​ਬੇਨੋਨੀ ਵਿਖੇ ਦੁਪਹਿਰ 1:30 ਵਜੇ ਤੋਂ ਖੇਡਿਆ ਜਾਵੇਗਾ।

ਦੂਜੇ ਸੈਮੀਫਾਈਨਲ ‘ਚ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੂੰ ਇਕ ਸਮੇਂ 17 ਦੌੜਾਂ ਦੀ ਲੋੜ ਸੀ ਅਤੇ 9 ਵਿਕਟਾਂ ਡਿੱਗ ਚੁੱਕੀਆਂ ਸਨ। ਇੱਥੋਂ ਰਾਫ ਮੈਕਮਿਲਨ ਅਤੇ ਕੈਲਮ ਵਿਡਲਰ ਦੀ ਆਖਰੀ ਜੋੜੀ ਨੇ 17 ਦੌੜਾਂ ਦੀ ਅਹਿਮ ਅਜੇਤੂ ਸਾਂਝੇਦਾਰੀ ਕੀਤੀ ਅਤੇ 49.1 ਓਵਰਾਂ ਵਿੱਚ ਚੌਕਿਆਂ ਦੀ ਮਦਦ ਨਾਲ ਜਿੱਤ ਦਰਜ ਕੀਤੀ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ 48.5 ਓਵਰਾਂ ‘ਚ 179 ਦੌੜਾਂ ‘ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਲਈ ਹੈਰੀ ਡਿਕਸਨ (50 ਦੌੜਾਂ) ਨੇ ਅਰਧ ਸੈਂਕੜਾ ਜੜਿਆ ਜਦਕਿ ਟਾਮ ਸਟ੍ਰਾਕਰ ਨੇ 6 ਵਿਕਟਾਂ ਲਈਆਂ। ਸਟਰੈਕਰ ‘ਪਲੇਅਰ ਆਫ ਦਾ ਮੈਚ’ ਰਿਹਾ।

ਆਸਟਰੇਲੀਆਈ ਟੀਮ ਵਿੱਚ ਭਾਰਤੀ ਮੂਲ ਦੇ ਦੋ ਖਿਡਾਰੀ

ਅੰਡਰ-19 ਵਿਸ਼ਵ ਕੱਪ (U-19 World Cup) ਖੇਡਣ ਵਾਲੀ ਆਸਟ੍ਰੇਲੀਆਈ ਟੀਮ ‘ਚ ਦੋ ਖਿਡਾਰੀ ਭਾਰਤੀ ਮੂਲ ਦੇ ਹਨ। ਇਹ ਦੋਵੇਂ ਪੰਜਾਬ ਦੇ ਰਹਿਣ ਵਾਲੇ ਹਨ। ਹਰਜਸ ਸਿੰਘ ਅਤੇ ਹਰਕੀਰਤ ਸਿੰਘ ਬਾਜਵਾ ਦੇ ਰਿਸ਼ਤੇਦਾਰ ਆਸਟ੍ਰੇਲੀਆ ਵਿਚ ਕਾਰੋਬਾਰ ਕਰਦੇ ਹਨ।

ਭਾਰਤ ਨੇ ਸਭ ਤੋਂ ਵੱਧ ਵਾਰ ਅੰਡਰ-19 ਵਿਸ਼ਵ ਕੱਪ ਜਿੱਤਿਆ ਹੈ।ਭਾਰਤ ਨੇ ਅੰਡਰ-19 ਵਿਸ਼ਵ ਕੱਪ ਸਭ ਤੋਂ ਵੱਧ ਵਾਰ (5) ਜਿੱਤਿਆ ਹੈ। ਇਸ ਦੇ ਨਾਲ ਹੀ ਦੂਜੇ ਸਥਾਨ ‘ਤੇ ਆਸਟ੍ਰੇਲੀਆ ਦੇ ਕੋਲ 3 ਅੰਡਰ-19 ਵਿਸ਼ਵ ਕੱਪ ਖ਼ਿਤਾਬ ਹਨ। ਆਸਟ੍ਰੇਲੀਆ ਨੇ ਆਖਰੀ ਵਾਰ 2010 ‘ਚ ਪਾਕਿਸਤਾਨ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ ਸੀ। ਜਦਕਿ ਭਾਰਤ ਡਿਫੈਂਡਿੰਗ ਚੈਂਪੀਅਨ ਹੈ। ਇਸਨੇ 2022 ਵਿੱਚ ਇੰਗਲੈਂਡ ਨੂੰ ਫਾਈਨਲ ਵਿੱਚ ਹਰਾਇਆ ਸੀ।

ਅੰਡਰ-19 ਵਿਸ਼ਵ ਕੱਪ ‘ਚ ਭਾਰਤੀ ਟੀਮ 34 ਸਾਲਾਂ ਤੋਂ ਆਸਟ੍ਰੇਲੀਆ ਤੋਂ ਨਹੀਂ ਹਾਰੀ

ਆਸਟ੍ਰੇਲੀਆ 34 ਸਾਲਾਂ ਤੋਂ ਅੰਡਰ-19 ਵਿਸ਼ਵ ਕੱਪ ‘ਚ ਭਾਰਤ ਖ਼ਿਲਾਫ਼ ਜਿੱਤ ਦਰਜ ਨਹੀਂ ਕਰ ਸਕਿਆ ਹੈ। ਆਸਟਰੇਲੀਆ ਦੀ ਭਾਰਤ ਖ਼ਿਲਾਫ਼ ਆਖਰੀ ਜਿੱਤ 1990 ਵਿੱਚ ਸੈਂਚੁਰੀਅਨ ਮੈਦਾਨ ਵਿੱਚ ਹੋਈ ਸੀ, ਜਿੱਥੇ ਉਸ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤੀ ਟੀਮ ਇਸ ਟੂਰਨਾਮੈਂਟ ‘ਚ ਆਸਟ੍ਰੇਲੀਆ ਨੂੰ ਲਗਾਤਾਰ ਹਰਾਉਂਦੀ ਆ ਰਹੀ ਹੈ। ਭਾਰਤੀ ਟੀਮ ਨੇ ਪਿਛਲੇ ਵਿਸ਼ਵ ਕੱਪ ਵਿੱਚ ਵੀ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾਇਆ ਸੀ।