ਚੰਡੀਗੜ੍ਹ, 04 ਸਤੰਬਰ 2023: ਖੰਨਾ ਦੇ ਪਾਇਲ (Payal) ‘ਚ ਪੁਲਿਸ ਥਾਣੇ ਨੇੜੇ ਮਰਸਡੀਜ਼ ਸਵਾਰ ਚਾਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਉਕਤ ਦੋਵੇਂ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ।
ਘਟਨਾ ਤੋਂ ਬਾਅਦ ਪੁਲਿਸ ਨੇ ਚਾਰ ਜਣਿਆਂ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਲੱਕੀ ਵਾਸੀ ਦੋਰਾਹਾ, ਯਾਦਵਿੰਦਰ ਸਿੰਘ ਵਾਸੀ ਘੁਡਾਣੀ ਵਜੋਂ ਹੋਈ ਹੈ। ਉਨ੍ਹਾਂ ਦੇ ਦੋ ਸਾਥੀਆਂ ਦੀ ਪਛਾਣ ਨਹੀਂ ਹੋ ਸਕੀ।
ਮਲੌਦ ਦੇ ਪਿੰਡ ਰੋਡੀਆਂ ਵਾਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਕੁਲਵਿੰਦਰ ਸਿੰਘ ਵਾਸੀ ਮਦਨੀਪੁਰ ਨਾਲ ਮੋਟਰਸਾਈਕਲ ’ਤੇ ਆਪਣੀ ਰਿਸ਼ਤੇਦਾਰੀ ਕੋਲੋਂ ਬੀਜਾ ਤੋਂ ਘਰ ਵਾਪਸ ਆ ਰਿਹਾ ਸੀ। ਬੱਸ ਸਟੈਂਡ ਪਾਇਲ ਨੇੜੇ ਇੱਕ ਮਰਸਡੀਜ਼ ਕਾਰ ਦੇ ਡਰਾਈਵਰ ਨੇ ਬਿਨਾਂ ਕੋਈ ਸੰਕੇਤ ਦਿੱਤੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਗਏ।
ਇਸ ਦੌਰਾਨ ਲੱਕੀ ਕਾਰ ਦੀ ਡਰਾਈਵਰ ਸੀਟ ਵਾਲੇ ਪਾਸਿਓਂ ਬਾਹਰ ਨਿਕਲਿਆ। ਯਾਦਵਿੰਦਰ ਸਿੰਘ ਵੀ ਹੱਥ ਵਿੱਚ ਲੋਹੇ ਦੀ ਰਾਡ ਲੈ ਕੇ ਕਾਰ ਵਿੱਚੋਂ ਬਾਹਰ ਨਿਕਲ ਆਇਆ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਦੋ ਹੋਰ ਜਣੇ ਬਾਹਰ ਆ ਗਏ। ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।