Giani Jagraj Singh Panjoli

ਐਮਰਜੈਂਸੀ ਵਿਰੁੱਧ ਜੂਝਣ ਵਾਲੇ ਪੰਥਕ ਆਗੂ ਗਿਆਨੀ ਜਗਰਾਜ ਸਿੰਘ ਪੰਜੋਲੀ ਦੀ ਅੰਤਿਮ ਅਰਦਾਸ ਮੌਕੇ ਦੋ ਮਤੇ ਪਾਸ

ਫਤਿਹਗੜ੍ਹ ਸਾਹਿਬ, 20 ਫਰਵਰੀ 2024: ਬੀਤੇ ਦਿਨ ਪਿੰਡ ਪੰਜੋਲੀ ਕਲਾਂ ਵਿੱਚ ਪੰਥਕ ਆਗੂ ਜਥੇਦਾਰ ਜਗਰਾਜ ਸਿੰਘ ਪੰਜੋਲੀ (Giani Jagraj Singh Panjoli) ਨੂੰ ਸ਼ਰਧਾਂਜਲੀ ਭੇਂਟ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਇਹੋ ਜਿਹੋ ਸੰਘਰਸ਼ੀਲ ਆਗੂਆਂ ਦੀ ਬਦੌਲਤ ਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਗੁਰਮਤਿ ਦੇ ਰੰਗ ‘ਚ ਰੰਗੇ ਅਕਾਲੀ ਸਾਨੂੰ ਛੱਡ ਕੇ ਜਾ ਰਹੇ ਹਨ ਤਿਵੇਂ-ਤਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਗੁਰਮਤੀ ਸਰੂਪ ਕਮਜ਼ੋਰ ਪੈਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅੱਜ ਗਿਆਨੀ ਜਗਰਾਜ ਸਿੰਘ ਪੰਜੋਲੀ ਵਰਗੇ ਪੰਥ ਪ੍ਰਸਤ ਟਕਸਾਲੀ ਅਕਾਲੀਆਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਸਖ਼ਤ ਜ਼ਰੂਰਤ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਅਸੀਂ ਐਮਰਜੈਂਸੀ ਸਮੇਂ ਜੇਲ੍ਹਾਂ ਵਿਚ ਬੰਦ ਸੀ ਤਾਂ ਸਾਨੂੰ ਲੱਗਦਾ ਸੀ ਕਿ ਹੁਣ ਸ਼ਾਇਦ ਕਦੀ ਵੀ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਗਿਆਨੀ ਜਗਰਾਜ ਸਿੰਘ ਪੰਜੋਲੀ ਵਰਗੇ ਯੋਧਿਆਂ ਦੇ ਸਿਦਕ ਕਰਕੇ ਹੀ ਐਮਰਜੈਂਸੀ ਖਤਮ ਹੋਈ ਅਤੇ ਭਾਰਤ ਵਿੱਚ ਤਾਨਾਸ਼ਾਹ ਰਾਜ ਖਤਮ ਹੋਇਆ ਅਤੇ ਲੋਕਤੰਤਰ ਬਹਾਲ ਹੋਇਆ।

ਉਨ੍ਹਾਂ ਦਾਅਵਾ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਇੱਕੋ-ਇੱਕ ਪਹਿਰੇਦਾਰ ਜਥੇਬੰਦੀ ਹੈ, ਜਿਸ ਨੂੰ ਮਜ਼ਬੂਤ ਕਰਨ ਵਿੱਚ ਗਿਆਨੀ ਜਗਰਾਜ ਸਿੰਘ ਪੰਜੋਲੀ (Giani Jagraj Singh Panjoli) ਵਰਗੇ ਇਮਾਨਦਾਰ ਅਤੇ ਪੰਥ ਪ੍ਰਸਤ ਆਗੂਆਂ ਦਾ ਮਾਣਮੱਤਾ ਭੂਮਿਕਾ ਰਹੀ ਹੈ । ਸਰਬੱਤ ਖਾਲਸਾ ਵੱਲੋ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਗਿਆਨੀ ਜਗਰਾਜ ਸਿੰਘ ਵਰਗੇ ਕੁਰਬਾਨੀ ਵਾਲੇ ਆਗੂਆਂ ਦੀ ਅੱਜ ਪੰਥ ਨੂੰ ਸਖ਼ਤ ਜ਼ਰੂਰਤ ਹੈ ।

ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਪ੍ਰੋਫੈਸਰ ਸੁਖਦਿਆਲ ਸਿੰਘ ਨੇ ਕਿਹਾ ਕਿ ਗਿਆਨੀ ਜਗਰਾਜ ਸਿੰਘ ਨੇ ਪੂਰਾ ਜੀਵਨ ਨੀਲੀ ਦਸਤਾਰ ਹੀ ਬੰਨ੍ਹ ਕੇ ਰੱਖੀ ਜੋ ਸਿੱਖ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਨੀਲੀ ਦਸਤਾਰ ਸਾਡੀ ਅਣਖ ਅਤੇ ਗੈਰਤ ਦਾ ਪ੍ਰਤੀਕ ਵੀ ਹੈ, ਇਸ ਲਈ ਅਕਾਲੀਆਂ ਨੂੰ ਨੀਲੀਆਂ ਦਸਤਾਰਾਂ ਹੀ ਸਜਾ ਕੇ ਰੱਖਣੀਆ ਚਾਹੀਦੀਆਂ ਹਨ।

ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਗਿਆਨੀ ਜਗਰਾਜ ਵਰਗੀਆਂ ਰੂਹਾਂ ਕਦੀ-ਕਦੀ ਆਉਂਦੀਆਂ ਹਨ ਇਹਨਾਂ ਦੀ ਬਦੋਲਤ ਹੀ ਸਾਡੇ ਗੁਰੂਆਂ ਵੱਲੋ ਸਥਾਪਤ ਕੀਤਾ ਗਿਆ ਮੀਰੀ ਪੀਰੀ ਦਾ ਸਿਧਾਂਤ ਪ੍ਰਬਲ ਰਹਿੰਦਾ ਹੈ, ਉਨਾਂ ਨੇ ਜਨਮ ਸਾਖੀਆਂ ਦਾ ਹਵਾਲੇ ਰਾਹੀਂ ਗਿਆਨੀ ਜਗਰਾਜ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬੀ ਯੂਨੀਵਰਸਟੀ ਦੇ ਡਾਕਟਰ ਗਿਆਨ ਸਿੰਘ ਨੇ ਕਿਹਾ ਕਿ ਗਿਆਨੀ ਜਗਰਾਜ ਸਿੰਘ ਪੰਜੋਲੀ ਨੇ ਜਿੰਨੀ ਸੇਵਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿਕੇ ਪੰਥ ਦੀ ਕੀਤੀ ਹੈ ਉਤਨੀ ਸੇਵਾ ਉਨ੍ਹਾਂ ਨੇ ਅਪਣੇ ਨਗਰ ਪੰਜੋਲੀ ਕਲਾਂ ਦੀ ਵੀ ਕੀਤੀ, ਉਨ੍ਹਾਂ ਕਿਹਾ ਕਿ ਮੇਰੀ ਟੀਮ ਇੱਕ ਵਾਰ ਜਦੋਂ ਇਸ ਪਿੰਡ ਦਾ ਸਰਵੇਂ ਕਰਨ ਆਈ ਤਾਂ ਪਿੰਡ ਦਾ ਸਰਬਪੱਖੀ ਵਿਕਾਸ ਵੇਖਕੇ ਮਨ ਨੂੰ ਤਸੱਲੀ ਮਿਲੀ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੇ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਪਰਿਵਾਰ ਦੇ ਗ੍ਰਹਿ ਪਹੁੰਚ ਕੇ ਜਥੇਦਾਰ ਜਗਰਾਜ ਸਿੰਘ ਵੱਲੋਂ ਐਮਰਜੈਂਸੀ ਵੇਲੇ ਕੱਟੀ ਜੇਲ੍ਹ ਦੇ ਸਮੇਂ ਨੂੰ ਅੱਜ ਦੇ ਕਿਸਾਨੀ ਸੰਘਰਸ਼ ਦੇ ਹਾਲਾਤਾਂ ਨਾਲ ਬਿਆਨ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਗਿਆਨੀ ਜਗਰਾਜ ਸਿੰਘ ਦਾ ਪੰਥਕ ਸੇਵਾ ਵਿੱਚ ਮਾਣ ਮੱਤਾ ਰੋਲ ਅਦਾ ਕੀਤਾ ਹੈ ਅਤੇ ਅੱਜ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਕਿਸਾਨੀ ਸੰਘਰਸ਼ ਅਤੇ ਸਮਾਜ ਸੇਵਾ ਵਿੱਚ ਬਾਖੂਬੀ ਯੋਗਦਾਨ ਪਾਇਆ ਜਾ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਰਦਾਸ ਵੀ ਕੀਤੀ ਅਤੇ ਸਟੇਜ ਸੰਚਾਲਨ ਕਰਦਿਆਂ ਕਿਸਾਨੀ ਸੰਘਰਸ਼ ਦੀ ਹਮਾਇਤ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਦੋ ਮਤੇ ਪੇਸ਼ ਕੀਤੇ ਜਿਸ ਨੂੰ ਹਾਜ਼ਰ ਸੰਗਤਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ । ਸਾਰੇ ਬੁਲਾਰਿਆਂ ਨੇ ਗਿਆਨੀ ਜਗਰਾਜ ਸਿੰਘ ਦੇ ਪੋਤਰੇ ਜਗਜੀਤ ਸਿੰਘ ਪੰਜੋਲੀ ਵੱਲੋ ਪੱਤਰਕਾਰੀ ਦੇ ਖੇਤਰ ਵਿੱਚ ਕੀਤੀ ਜਾ ਰਹੀ ਸੇਵਾ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ । ਗਿਆਨੀ ਜਗਰਾਜ ਸਿੰਘ ਪੰਜੋਲੀ ਦੇ ਸਪੁੱਤਰ ਸਰਦਾਰ ਨਰਿੰਦਰ ਸਿੰਘ , ਸਰਦਾਰ ਹਰਜਿੰਦਰ ਸਿੰਘ ਵਲੋਂ ਗਿਆਨੀ ਦੀ ਅੰਤਿਮ ਅਰਦਾਸ ਸੰਬੰਧੀ ਕੀਤੇ ਗਏ ਪ੍ਰਬੰਧ ਵੀ ਕਾਬਲੇ ਤਰੀਫ਼ ਸਨ, ਨਾਲ ਹੀ ਪਰਿਵਾਰ ਵੱਲੋਂ ਫੈਸਲਾ ਕੀਤਾ ਗਿਆ ਕਿ ਬਾਪੂ ਜਗਰਾਜ ਸਿੰਘ ਦੀ ਯਾਦ ਵਿੱਚ ਸਮੇਂ-ਸਮੇਂ ‘ਤੇ ਸਮਾਜ ਸੁਧਾਰਕ ਕਾਰਜ ਕੀਤੇ ਜਾਂਦੇ ਰਹਿਣਗੇ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਐਮਪੀ ਹਰਿੰਦਰ ਸਿੰਘ ਖਾਲਸਾ, ਬਲਵੰਤ ਸਿੰਘ ਰਾਮੂਵਾਲੀਆ, ਅਕਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਡਸਾ, ਜਗਮੀਤ ਸਿੰਘ ਬਰਾੜ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਮਹੇਸ਼ ਇੰਦਰ ਸਿੰਘ ਗਰੇਵਾਲ ਸਮੇਤ ਬਹੁਤ ਸਾਰੇ ਆਗੂਆਂ ਨੇ ਲਿਖਤੀ ਸ਼ੋਕ ਸ਼ੰਦੇਸ ਤੇ ਫੋਨ ਰਾਹੀਂ ਗਿਆਨੀ ਜਗਰਾਜ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਜਗਦੀਪ ਸਿੰਘ ਚੀਮਾ, ਹਲਕਾ ਇੰਚਾਰਜ ਸ੍ਰੀ ਫਤਹਿਗੜ ਸਾਹਿਬ , ਸ਼ਰਨਜੀਤ ਸਿੰਘ ਰਜਵਾੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਪੰਜਾਬ, ਨਰਿੰਦਰ ਸਿੰਘ ਟਿਵਾਣਾ, ਦਿਦਾਰ ਸਿੰਘ ਭੱਟੀ ਸਾਬਕਾ ਐਮ ਐਲ ਏ , ਅਮਰਿੰਦਰ ਸਿੰਘ ਲਿਬੜਾ, ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ, ਦਿਲਬਾਗ ਸਿੰਘ ਬਧੌਛੀ, ਤੇਜਿੰਦਰ ਸਿੰਘ ਸੰਧੂ, ਮਨਦੀਪ ਸਿੰਘ ਤਰਖਾਣ , ਹਰਿੰਦਰਪਾਲ ਸਿੰਘ ਟੌਹੜਾ , ਸਰਦਾਰ ਬਲਜੀਤ ਸਿੰਘ ਮਹਿਰਾਜ , ਨੋਨਿਹਾਲ ਸਿੰਘ ਸਰਪੰਚ ਮਹਿਰਾਜ, ਜਸਕਰਨ ਸਿੰਘ ਭੁੱਚੋ ਕਲਾਂ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸਜੀਪੀਸੀ , ਭਰਾ ਪਾਲ ਸਿੰਘ, ਚੰਦ ਸਿੰਘ, ਭੁਪਿੰਦਰ ਸਿੰਘ ਬਾਠ, ਰੇਸ਼ਮ ਸਿੰਘ ਮੰਡੇਰ, ਜਸਪਾਲ ਸਿੰਘ ਨੰਡਿਆਲੀ, ਕੁਲਵਿੰਦਰ ਸਿੰਘ ਭੱਲਮਾਜਰਾ, ਅਵਤਾਰ ਸਿੰਘ ਚਲੈਲਾ, ਇੰਦਰਜੀਤ ਸਿੰਘ ਮਾਂਗਟ, ਅਜਾਇਬ ਸਿੰਘ ਜਖਵਾਲੀ, ਮੈਨੇਜਰ ਸਤਨਾਮ ਸਿੰਘ, ਪਰਵਿੰਦਰ ਸਿੰਘ ਫੌਜੀ, ਅਵਤਾਰ ਸਿੰਘ ਪਟਿਆਲਾ, ਸਮਸ਼ੇਰ ਸਿੰਘ ਬਾਠ, ਯੂਥ ਆਗੂ ਲਵਪ੍ਰੀਤ ਸਿੰਘ ਪੰਜੋਲੀ ਆਦਿ ਨੇ ਹਾਜ਼ਰੀ ਭਰੀ।
ਫੋਟੋ ਕੈਪਸ਼ਨ: ਅੰਤਿਮ ਅਰਦਾਸ ਮਗਰੋਂ ਜਥੇਦਾਰ ਜਗਰਾਜ ਸਿੰਘ ਦੇ ਵੱਡੇ ਸਪੁੱਤਰ ਨਰਿੰਦਰ ਸਿੰਘ ਨੂੰ ਸਿਰੋਪਾਓ ਦਿੰਦੇ ਹੋਏ ਬੀਬੀ ਜਗੀਰ ਕੌਰ, ਪ੍ਰੋਫੈਸਰ ਅਤੇ ਹੋਰ ਆਗੂ ਸਾਹਿਬਾਨ।

 

Scroll to Top