Dr. Ram Pal Mittal

ਯੂਨੀਵਰਸਿਟੀ ਦੇ ਹੋਸਟਲ ‘ਚ ਨਸ਼ੇ ਦੀ ਹਾਲਤ ‘ਚ ਵੇਖੇ ਗਏ ਦੋ ਵਿਅਕਤੀ, ਪੁਲਿਸ ਵਲੋਂ ਕਾਰਵਾਈ ਸ਼ੁਰੂ

ਪਟਿਆਲਾ, 15 ਅਪ੍ਰੈਲ 2023: ਲੰਘੀ ਸ਼ਾਮ ਪੰਜਾਬੀ ਯੂਨੀਵਰਸਿਟੀ (Punjabi University) ਦੇ ਇੱਕ ਹੋਸਟਲ ਵਿੱਚ ਦੋ ਵਿਅਕਤੀ ਨਸ਼ੇ ਦੀ ਹਾਲਤ ਵਿਚ ਵੇਖੇ ਗਏ। ਸੰਬੰਧਿਤ ਹੋਸਟਲ ਦੇ ਵਾਰਡਨ ਨੇ ਇਸ ਸਬੰਧੀ ਜਾਣਕਾਰੀ ਤੁਰੰਤ ਸੁਰੱਖਿਆ ਅਤੇ ਮੈਡੀਕਲ ਅਮਲੇ ਨੂੰ ਦਿੱਤੀ। ਚੀਫ਼ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਦੀ ਅਗਵਾਈ ਵਿੱਚ ਮੈਡੀਕਲ ਅਮਲੇ ਨੇ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ।

ਮੈਡੀਕਲ ਅਮਲੇ ਅਤੇ ਸੁਰੱਖਿਆ ਅਮਲੇ ਦੀ ਅਗਵਾਈ ਵਿੱਚ ਦੋਵਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਇਨ੍ਹਾਂ ਦੋਵਾਂ ਵਿੱਚੋਂ ਇੱਕ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਜਦੋਂ ਕਿ ਦੂਜਾ ਵਿਅਕਤੀ ਬਾਹਰੋਂ ਸੀ। ਇਸ ਬਾਹਰੀ ਵਿਅਕਤੀ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ, ਜਦੋਂ ਕਿ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਉਸ ਦੇ ਲੋਕਲ ਗਾਰਡੀਅਨ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਦੌਰਾਨ ਮੁੱਖ ਸੁਰੱਖਿਆ ਅਫਸਰ ਕੈਪਟਨ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਾਰਡਨ ਰਾਹੀਂ ਪ੍ਰਾਪਤ ਇਸ ਮਸਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਮੌਕੇ ਤੋਂ ਪ੍ਰਾਪਤ ਜਾਂਚ ਦੇ ਘੇਰੇ ਵਿੱਚ ਆਉਣ ਵਾਲੀ ਸਮੱਗਰੀ ਵੀ ਬਰਾਮਦ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ। ਹੋਸਟਲ ਦਾ ਸੰਬੰਧਤ ਕਮਰਾ ਸੀਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਅਗਲੀ ਕਾਰਵਾਈ ਪੁਲਿਸ ਵੱਲੋ ਕੀਤੀ ਜਾਣੀ ਹੈ।

Scroll to Top