ਚੰਡੀਗੜ੍ਹ, 8 ਜੂਨ 2024: ਲੋਕ ਸਭਾ ਚੋਣਾਂ ਸਿਰੇ ਚੜ੍ਹ ਗਈਆਂ ਹਨ ਪਰ ਸਿਆਸੀ ਤਾਪਮਾਨ ਸਿਖਰਾਂ ‘ਤੇ ਹੈ। ਸ਼ਿਵ ਸੈਨਾ (Shiv Sena) ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਦੋ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸੰਪਰਕ ਵਿੱਚ ਹਨ। ਸ਼ਿਵ ਸੈਨਾ ਦੇ ਬੁਲਾਰੇ ਨਰੇਸ਼ ਮਹਾਸਕੇ ਨੇ ਦਲ-ਬਦਲ ਵਿਰੋਧੀ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਪ੍ਰੈਸ ਕਾਨਫਰੰਸ ਵਿੱਚ ਦੋ ਲੋਕ ਸਭਾ ਮੈਂਬਰਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਛੇਤੀ ਹੀ ਚਾਰ ਹੋਰ ਸੰਸਦ ਮੈਂਬਰ ਦੋਵਾਂ ਆਗੂਆਂ ਦੇ ਨਾਲ ਸ਼ਿੰਦੇ ਦੀ ਅਗਵਾਈ ਵਾਲੀ ਪਾਰਟੀ ‘ਚ ਸ਼ਾਮਲ ਹੋਣਗੇ।
ਠਾਣੇ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਨਰੇਸ਼ ਨੇ ਕਿਹਾ, ‘ਊਧਵ ਠਾਕਰੇ ਵੱਲੋਂ ਬੱਸਾਂ ਵਿੱਚ ਆਏ ਇੱਕ ਵਿਸ਼ੇਸ਼ ਭਾਈਚਾਰੇ ਤੋਂ ਵੋਟਾਂ ਮੰਗਣ ਦੇ ਤਰੀਕੇ ਤੋਂ ਦੋਵੇਂ ਲੋਕ ਸਭਾ ਮੈਂਬਰ ਨਾਖੁਸ਼ ਸਨ। ਇਸੇ ਲਈ ਠਾਕਰੇ ਕੈਂਪ ਦੇ ਦੋ ਲੋਕ ਸਭਾ ਮੈਂਬਰ ਸਾਡੇ ਸੰਪਰਕ ਵਿੱਚ ਹਨ। ਉਨ੍ਹਾਂ ਨਾਲ ਚਾਰ ਹੋਰ ਮੈਂਬਰ ਸ਼ਾਮਲ ਹੋਣਗੇ। ਇਸ ਤੋਂ ਬਾਅਦ ਇਹ ਸਾਰੇ ਮੈਂਬਰ ਨਾਮਜ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨਗੇ।
ਊਧਵ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੰਜੇ ਰਾਊਤ ਨੇ ਦਾਅਵਾ ਕੀਤਾ ਸੀ ਕਿ ਸ਼ਿੰਦੇ ਧੜੇ ਦੇ ਵਿਧਾਇਕ ਅਤੇ ਸੰਸਦ ਮੈਂਬਰ ਠਾਕਰੇ ਨਾਲ ਮੁੜ ਜੁੜਨ ਦੇ ਚਾਹਵਾਨ ਹਨ। ਤੁਹਾਨੂੰ ਦੱਸ ਦਈਏ ਕਿ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ (Shiv Sena) ਨੇ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਹਨ, ਜਦਕਿ ਠਾਕਰੇ ਧੜੇ ਨੇ ਨੌਂ ਸੀਟਾਂ ਜਿੱਤੀਆਂ ਹਨ।