ਚੰਡੀਗੜ੍ਹ, 4 ਅਗਸਤ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਮੋਹਾਲੀ (ਪੀ.ਐਨ.ਆਰ.ਸੀ.) ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਰਸਿੰਗ ਦਾਖਲਿਆਂ ਤੇ ਪ੍ਰੀਖਿਆਵਾਂ ’ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ |
ਮੁਲਜ਼ਮ ਅਰੁਨਾ ਛਾਬੜਾ, ਸਾਬਕਾ ਪ੍ਰਿੰਸੀਪਲ ਕੇ.ਡੀ. ਕਾਲਜ ਆਫ ਨਰਸਿੰਗ ਮਾਹਿਲਪੁਰ, ਜ਼ਿਲਾ ਹੁਸ਼ਿਆਰਪੁਰ ਨੂੰ ਉਨ੍ਹਾਂ ਦੀ ਰਿਹਾਇਸ਼ ਪਿੰਡ ਖੁੱਡਾ ਜੱਸੂ, ਚੰਡੀਗੜ੍ਹ ਤੋਂ ਅਤੇ ਮੁਲਜ਼ਮ ਡਾ. ਕੁਲਦੀਪ ਸਿੰਘ ਮਹਿਰੋਕ, ਸੰਸਥਾਪਕ ਮਹਿਰੋਕ ਕਾਲਜ ਆਫ ਨਰਸਿੰਗ ਐਂਡ ਮੈਡੀਕਲ ਸਾਇੰਸਿਜ਼, ਤੇਈਪੁਰ, ਤਹਿਸੀਲ ਪਾਤੜਾਂ, ਜ਼ਿਲਾ ਪਟਿਆਲਾ, ਨੂੰ ਉਸਦੇ ਪ੍ਰਾਈਵੇਟ ਹਸਪਤਾਲ “ਟ੍ਰਾਈਸਿਟੀ ਕਲੀਨਿਕ ਐਂਡ ਹਸਪਤਾਲ” ਡੇਰਾ ਬੱਸੀ ਤੋਂ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ (Vigilance Bureau) ਮੁਤਾਬਕ ਦੋਵੇਂ ਇਸ ਮਾਮਲੇ ‘ਚ ਆਪਣੀ ਗ੍ਰਿਫਤਾਰੀ ਦੇ ਡਰ ਤੋਂ ਫਰਾਰ ਸਨ।ਵਿਜੀਲੈਂਸ ਨੇ ਇਸ ਕੇਸ ‘ਚ ਪੀ.ਐਨ.ਆਰ.ਸੀ. ਦੀ ਸਾਬਕਾ ਰਜਿਸਟਰਾਰ ਅਤੇ ਨਰਸਿੰਗ ਸਿਖਲਾਈ ਸਕੂਲ ਗੁਰਦਾਸਪੁਰ ਦੀ ਪ੍ਰਿੰਸੀਪਲ (ਸੇਵਾਮੁਕਤ) ਚਰਨਜੀਤ ਕੌਰ ਚੀਮਾ ਅਤੇ ਡਾ: ਅਰਵਿੰਦਰਵੀਰ ਸਿੰਘ ਗਿੱਲ, ਵਾਸੀ ਬਸੰਤ ਵਿਹਾਰ, ਹੁਸ਼ਿਆਰਪੁਰ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਸੀ।