July 7, 2024 7:01 pm
acid

ਸਨੌਰ ਵਿਖੇ ਦੋ ਨਕਾਬਪੋਸ਼ ਵਿਅਕਤੀ ਦੁਕਾਨਦਾਰ ‘ਤੇ ਤੇਜ਼ਾਬ ਸੁੱਟ ਕੇ ਹੋਏ ਫ਼ਰਾਰ

ਚੰਡੀਗੜ੍ਹ, 4 ਜਨਵਰੀ 2024: ਪਟਿਆਲਾ ਦੇ ਸਨੌਰ ਥਾਣੇ ਦੇ ਕੋਲ ਬਾਜ਼ਾਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਇੱਕ ਦੁਕਾਨਦਾਰ ਉੱਤੇ ਤੇਜ਼ਾਬ (acid) ਸੁੱਟ ਦਿੱਤਾ। ਤੇਜ਼ਾਬ ਸੁੱਟਣ ਤੋਂ ਬਾਅਦ ਨਕਾਬਪੋਸ਼ ਨੌਜਵਾਨ ਪੈਦਲ ਹੀ ਫ਼ਰਾਰ ਹੋ ਗਏ। ਨਿਖਿਲ ਨਾਂ ਦਾ 30 ਸਾਲਾ ਦੁਕਾਨਦਾਰ ਤੇਜ਼ਾਬ ਪੈਣ ਕਾਰਨ ਜ਼ਖਮੀ ਹੋ ਗਿਆ ਹੈ। ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜ਼ਖ਼ਮੀ ਨੌਜਵਾਨ ਨਿਖਿਲ ਦੇ ਭਰਾ ਚਿਰਾਗ ਨੇ ਦੱਸਿਆ ਕਿ ਉਸ ਦੀ ਸਨੌਰ ਵਿੱਚ ਸਪੇਅਰ ਪਾਰਟਸ ਦੀ ਦੁਕਾਨ ਹੈ। ਵੀਰਵਾਰ ਸਵੇਰੇ ਉਸ ਦੇ ਭਰਾ ਨੇ ਦੁਕਾਨ ਖੋਲ੍ਹੀ ਹੋਈ ਸੀ, ਜਿੱਥੇ ਦੋ ਨਕਾਬਪੋਸ਼ ਨੌਜਵਾਨ ਆਏ। ਠੰਢ ਕਾਰਨ ਮੂੰਹ ਢੱਕੇ ਹੋਣ ਕਾਰਨ ਉਸਦੇ ਭਰਾ ਨੇ ਇਨ੍ਹਾਂ ਹਮਲਾਵਰਾਂ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਅਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਚਾਨਕ ਇਨ੍ਹਾਂ ਨੌਜਵਾਨਾਂ ‘ਚੋਂ ਇਕ ਨੌਜਵਾਨ ਨੇ ਨਿਖਿਲ ‘ਤੇ ਤੇਜ਼ਾਬ (acid) ਪਾ ਦਿੱਤਾ ਅਤੇ ਪੈਦਲ ਹੀ ਬਾਜ਼ਾਰ ਵੱਲ ਭੱਜ ਗਏ ।

ਨਿਖਿਲ ਦੁਕਾਨ ਤੋਂ ਬਾਹਰ ਭੱਜਿਆ ਅਤੇ ਗੁਆਂਢੀ ਦੁਕਾਨਦਾਰਾਂ ਦੀ ਮੱਦਦ ਨਾਲ ਉਸ ਨੇ ਤੇਜ਼ਾਬ ਵਾਲੇ ਕੱਪੜੇ ਪਾੜ ਦਿੱਤੇ। ਜਿਸ ਤੋਂ ਬਾਅਦ ਨਿਖਿਲ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਚਿਰਾਗ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਸਨੌਰ ਦੇ ਐੱਸਐੱਚਓ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਤੇਜ਼ਾਬ ਸੁੱਟਣ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।