ਮਾਰਵਾੜੀ ਤੇ ਨੁੱਕਰਾ ਨਸਲਾਂ ਦੇ ਘੋੜਿਆਂ ਦੇ ਪਾਲਕ ਲੈ ਸਕਦੇ ਨੇ ਹਿੱਸਾ
ਏ.ਡੀ. ਸੀ. ਸੋਨਮ ਚੌਧਰੀ ਨੇ ਉਤਸਵ ਅਤੇ ਘੋੜ ਸਵਾਰੀ ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਐਸ.ਏ.ਐਸ.ਨਗਰ, 14 ਫਰਵਰੀ 2025: ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ 1 ਅਤੇ 2 ਮਾਰਚ, 2025 ਨੂੰ ਜ਼ਿਲ੍ਹੇ ਦੇ ਪਿੰਡ ਕਰੋਰਾਂ ਵਿਖੇ ਫੋਰੈਸਟ ਹਿੱਲਜ਼ ਵਿਖੇ ਪੰਜਾਬ ਦਾ ਪਹਿਲਾ ਘੋੜ ਸਵਾਰ ਉਤਸਵ ਆਯੋਜਿਤ ਕੀਤਾ ਜਾਵੇਗਾ।
ਇਸ ਉਤਸਵ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ (sonam chaudhary) ਨੇ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋਣ ਵਾਲੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਦੀ ਸਮੀਖਿਆ ਕੀਤੀ।
ਉਨ੍ਹਾਂ ਦੱਸਿਆ ਕਿ ਘੋੜ ਸਵਾਰੀ ਮੁਕਾਬਲੇ ਦੌਰਾਨ ਘੋੜਾ ਜੰਪਿੰਗ, ਮਾਰਵਾੜੀ ਅਤੇ ਨੁੱਕਰਾ ਘੋੜਾ ਰਿੰਗ ਮੁਕਾਬਲੇ, ਟੈਂਟ ਪੈਗਿੰਗ, ਸਾਰਿਆ ਘੋੜਿਆਂ ਦੀ ਨਸਲ ਦਾ ਪ੍ਰਦਰਸ਼ਨ, ਸੱਭਿਆਚਾਰਕ ਸਮਾਗਮ, ਭੋਜਨ ਅਤੇ ਖਰੀਦਦਾਰੀ ਪ੍ਰਦਰਸ਼ਨੀਆਂ ਅਤੇ ਮਾਹਿਰ ਟਾਕ ਸ਼ੋਅਜ਼ ਵੀ ਇਸ ਸਮਾਗਮ ਦਾ ਹਿੱਸਾ ਹੋਣਗੇ।
ਉਤਸਵ ਦੌਰਾਨ ਰਾਜ ਅਤੇ ਦੇਸ਼ ਭਰ ਦੇ ਨਾਮੀ ਸਟੱਡ ਫਾਰਮਾਂ ਅਤੇ ਕਲੱਬਾਂ ਦੇ ਘੋੜੇ ਵੀ ਭਾਗ ਲੈਣਗੇ।
ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਡਾ. ਐਸ.ਕੇ ਗੁਪਤਾ, ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ, ਸ਼੍ਰੀ ਮਹੇਸ਼ਵਰ, ਐਸ.ਡੀ.ਓ, ਮੋਹਾਲੀ, ਗੋਪਾਲ ਕ੍ਰਿਸ਼ਨ, ਗੁੱਡ ਗਵਰਨੈਂਸ ਫੈਲੋ ਨੇਹਾ ਅਤੇ ਦਿ ਰੈਂਚ ਮੋਹਾਲੀ ਦੇ ਮਾਲਕ ਦੀਪਇੰਦਰ ਸਿੰਘ ਬਰਾੜ ਅਤੇ ਹਰਜਿੰਦਰ ਸਿੰਘ ਖੋਸਾ ਹਾਜ਼ਰ ਸਨ।