ਚੰਡੀਗੜ੍ਹ 1 ਜੂਨ 2025: ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਫਲਤਾ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਸੰਸਥਾ ਦੇ ਦੋ ਕੈਡਿਟ ਏਝੀਮਾਲਾ (ਕੇਰਲ) ਵਿਖੇ ਵੱਕਾਰੀ ਇੰਡੀਅਨ ਨੇਵਲ ਅਕੈਡਮੀ (ਆਈਐਨਏ) ਤੋਂ ਪਾਸ ਆਊਟ ਹੋਏ ਅਤੇ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਫਸਰ ਬਣ ਗਏ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਵੀ. ਸ਼੍ਰੀਨਿਵਾਸ, ਏਵੀਐਸਐਮ, ਐਨਐਮ, ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼, ਦੱਖਣੀ ਨੇਵਲ ਕਮਾਂਡ ਦੁਆਰਾ ਕੀਤਾ ਗਿਆ।
ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ, ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ, ਅਮਨ ਅਰੋੜਾ ਨੇ ਦੱਸਿਆ ਕਿ ਸੰਸਥਾ ਦੇ ਸਾਬਕਾ ਕੈਡਿਟ, ਮਹਿੰਦਰ ਸਿੰਘ ਸੇਖੋਂ (Mahinder singh sekho) ਅਤੇ ਵਿਨੈ ਕੌਸ਼ਿਕ, ਦੋਵੇਂ ਐਸਏਐਸ ਨਗਰ (ਮੋਹਾਲੀ) ਦੇ ਰਹਿਣ ਵਾਲੇ ਹਨ, ਨੂੰ ਹੁਣ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਦੋ ਸਾਲਾਂ ਦੀ ਸ਼ੁਰੂਆਤੀ ਸਿਖਲਾਈ ਤੋਂ ਬਾਅਦ, ਕੈਡਿਟ ਐਨਡੀਏ ਵਿੱਚ ਤਿੰਨ ਸਾਲ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਫਿਰ ਆਈਐਨਏ ਵਿੱਚ ਇੱਕ ਸਾਲ ਦੀ ਸੇਵਾ ਅਧਾਰਤ ਸਿਖਲਾਈ ਤੋਂ ਬਾਅਦ, ਉਹ ਹੁਣ ਨੇਵੀ ਵਿੱਚ ਸੇਵਾ ਕਰਨ ਲਈ ਤਿਆਰ ਹਨ।
ਇਹ ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਸੇਖੋਂ, ਜਿਨ੍ਹਾਂ ਦੇ ਮਾਤਾ-ਪਿਤਾ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ, ਨੇ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਸੁਪਨੇ ਨੂੰ ਸਾਕਾਰ ਕੀਤਾ। ਵਿਨੈ ਕੌਸ਼ਿਕ ਦੇ ਪਿਤਾ ਸ਼੍ਰੀ ਸੰਜੇ ਕੁਮਾਰ ‘ਦਿ ਟ੍ਰਿਬਿਊਨ’ ਅਖਬਾਰ ਵਿੱਚ ਇੱਕ ਵਿਭਾਗੀ ਮੁਖੀ ਹਨ ਅਤੇ ਮਾਤਾ ਸ਼੍ਰੀਮਤੀ ਰੇਖਾ ਸ਼ਰਮਾ ਇੱਕ ਘਰੇਲੂ ਔਰਤ ਹਨ। ਅਮਨ ਅਰੋੜਾ ਨੇ ਨਵੇਂ ਨਿਯੁਕਤ ਦੋਵਾਂ ਅਧਿਕਾਰੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸੇ ਤਰ੍ਹਾਂ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣਾ ਚਾਹੀਦਾ ਹੈ।
ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਇਸ ਸੰਸਥਾ ਦੇ 172 ਕੈਡਿਟਾਂ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਧਿਕਾਰੀ ਬਣ ਚੁੱਕੇ ਹਨ, ਜਿਨ੍ਹਾਂ ਵਿੱਚੋਂ 20 ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਧਿਕਾਰੀ ਬਣ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੈਡਿਟਾਂ ਅਰਸ਼ਦੀਪ ਸਿੰਘ (ਆਲ ਇੰਡੀਆ ਰੈਂਕ 3) ਅਤੇ ਕਰਨ ਕੌਸ਼ਿਕ (ਆਲ ਇੰਡੀਆ ਰੈਂਕ 71) ਨੇ AFCAT ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ ਹੈ, ਅਤੇ ਏਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋਣ ਲਈ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ।
Read More: Indian Navy: INSV ਵੱਲੋਂ ਬਣਾਇਆ ਜਹਾਜ਼ ਭਾਰਤੀ ਨੇਵੀ ਦੇ ਬੇੜੇ ‘ਚ ਕੀਤਾ ਗਿਆ ਸ਼ਾਮਲ