ਚੰਡੀਗੜ੍ਹ, 30 ਅਗਸਤ, 2023: ਲੁਧਿਆਣਾ (Ludhiana) ‘ਚ ਸੈਕਟਰ-32 ਇਲਾਕੇ ‘ਚ ਨਜਾਇਜ਼ ਕਬਜ਼ੇ ਹਟਾਉਣ ਪਹੁੰਚੀ ਨਗਰ ਨਿਗਮ ਦੀ ਟੀਮ ਦਾ ਵਿਰੋਧ ਕਰਦੇ ਹੋਏ ਦੋ ਦੁਕਾਨਦਾਰਾਂ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਦੋਵੇਂ ਦੁਕਾਨਦਾਰ ਸਕੇ ਭਰਾ ਹਨ। ਦੋਵਾਂ ਨੇ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਇਸ ਦੌਰਾਨ ਉਸ ਦੇ ਬਚਾਅ ਲਈ ਆਈਆਂ ਉਸ ਦੀਆਂ ਚਾਰ ਭੈਣਾਂ ਵੀ ਮਾਮੂਲੀ ਝੁਲਸ ਗਈਆਂ।
ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ਬੁਝਾ ਕੇ ਦੋਵਾਂ ਨੂੰ ਝੁਲਸੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਇਨ੍ਹਾਂ ਦੋਵੇਂ ਦੇ ਨਾਲ-ਨਾਲ ਬਾਕੀ ਲੋਕਾਂ ਨੇ ਵੀ ਨਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚੀ ਨਗਰ ਨਿਗਮ ਦੀ ਟੀਮ ਦਾ ਵਿਰੋਧ ਕੀਤਾ।
ਹੁਣ ਇਸ ਮਾਮਲੇ ਵਿੱਚ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਹਰਵਿੰਦਰ ਸਿੰਘ ਹਨੀ ਦਾ ਕਹਿਣਾ ਹੈ ਕਿ ਦੋਵੇਂ ਝੁਲਸੇ ਭਰਾਵਾਂ ਵੀਰੂ ਅਤੇ ਅਨਮੋਲ ਨੇ 71 ਗਜ਼ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੂੰ ਇੱਕ ਹਫ਼ਤਾ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਨ੍ਹਾਂ ਲੋਕਾਂ ਨੇ ਸਰਕਾਰੀ ਜਗ੍ਹਾ ਖਾਲੀ ਨਹੀਂ ਕੀਤੀ। ਇਸ ਦੌਰਾਨ ਦੋਵੇਂ ਭਰਾਵਾਂ ਵੀਰੂ ਅਤੇ ਅਨਮੋਲ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ।
ਦੋਵਾਂ ਭਰਾਵਾਂ ਨੂੰ ਸਿਵਲ ਹਸਪਤਾਲ ਤੋਂ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।ਹਸਪਤਾਲ ਦੇ ਡਾਕਟਰਾਂ ਅਨੁਸਾਰ ਵੀਰੂ ਸਿੰਘ ਅਤੇ ਅਨਮੋਲ ਲਗਭਗ 70 ਫੀਸਦੀ ਝੁਲਸ ਚੁੱਕੇ ਹਨ।