ਤਨਮਯ ਨਾਰੰਗ

ਪੌਣੇ ਦੋ ਸਾਲ ਦੇ ਪੰਜਾਬੀ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, 195 ਦੇਸ਼ਾਂ ਦੇ ਝੰਡੇ ਦੀ ਕਰ ਲੈਂਦਾ ਹੈ ਪਛਾਣ

ਚੰਡੀਗੜ੍ਹ, 20 ਫਰਵਰੀ 2023: ਪੰਜਾਬ ਦੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ‘ਚ ਜਨਮੇ ਤਨਮਯ ਨਾਰੰਗ ਨੇ ਇੱਕ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂ ਕਰਕੇ ਆਪਣੇ ਮਾਪਿਆ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਤਨਮਯ ਨਾਰੰਗ ਦੀ ਉਮਰ 1 ਸਾਲ 8 ਮਹੀਨੇ ਦੀ ਹੈ। ਇਸ ਛੋਟੀ ਉਮਰ ਵਿੱਚ ਤਨਮਯ ਨਾਰੰਗ 195 ਦੇਸ਼ਾਂ ਦੇ ਝੰਡੇ ਪਛਾਣ ਕਰ ਲੈਂਦਾ ਹੈ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਲਾਘਾਟ ਦੇ ਅਨੁਨਯ ਗੜ੍ਹਪਾਲੇ ਨੇ 1 ਸਾਲ 7 ਮਹੀਨੇ ਦੀ ਉਮਰ ‘ਚ 40 ਦੇਸ਼ਾਂ ਦੇ ਝੰਡੇ ਤੇ 2 ਸਾਲ 5 ਮਹੀਨੇ ਦੀ ਉਮਰ ‘ਚ ਤੇਲੰਗਾਨਾ ਦੇ ਤਕਸ਼ਿਕਾ ਹਰੀ ਨੇ ਇੱਕ ਮਿੰਟ ‘ਚ 69 ਦੇਸ਼ਾਂ ਦੇ ਝੰਡੇ ਪਛਾਣੇ ਸਨ। ਉਨ੍ਹਾਂ ਨੇ ਇਹ ਰਿਕਾਰਡ 2022 ਵਿੱਚ ਬਣਿਆ ਸੀ। ਇਸਦੇ ਨਾਲ ਹੀ ਨੋਇਡਾ ਦੇ ਪੰਜ ਸਾਲ ਦੇ ਆਦੇਸ਼ ਨੇ ਇਸ ਤੋਂ ਪਹਿਲਾਂ 195 ਦੇਸ਼ਾਂ ਦੇ ਨਾਂ ਤੇ ਝੰਡੇ ਪਛਾਣ ਕੇ ਲਿਮਕਾ ਬੁੱਕ ਆਫ ਰਿਕਾਰਡਸ ‘ਚ ਆਪਣਾ ਨਾਂ ਦਰਜ ਕਰਵਾਇਆ ਸੀ।

ਇਸ ਮੌਕੇ ਮਾਤਾ ਹਿਨਾ ਸੋਈ ਨਾਰੰਗ ਨੇ ਦੱਸਿਆ, ਜਦੋਂ ਬੇਟਾ ਕਰੀਬ 1 ਸਾਲ 4 ਮਹੀਨੇ ਦਾ ਸੀ ਤਾਂ ਉਸ ਨੂੰ ਦਿਮਾਗੀ ਵਿਕਾਸ ਦੀਆਂ ਖੇਡਾਂ ਕਰਵਾਈਆਂ। ਇਸ ਵਿੱਚ ਫਲੈਗ ਕਾਰਡ ਉਸ ਦਾ ਪਸੰਦੀਦਾ ਬਣ ਗਿਆ। ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਨਾਲ ਬੈਠ ਕੇ ਇਨ੍ਹਾਂ ਕਾਰਡਾਂ ਨੂੰ ਹੱਥ ਵਿਚ ਰੱਖਦਾ ਸੀ ਅਤੇ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਸੀ। ਤਨਮਯ ਹੁਣ 2 ਸਾਲ ਦਾ ਹੈ ਤੇ ਉਸ ਨੂੰ ਕੁਝ ਦਿਨ ਪਹਿਲਾਂ ਹੀ ਵਰਲਡ ਵਾਈਡ ਬੁੱਕ ਆਫ ਰਿਕਾਰਡ ਦਾ ਸਰਟੀਫਿਕੇਟ, ਮੈਡਲ ਤੇ ਕੈਟਾਲਾਗ ਮਿਲਿਆ ਹੈ।

ਤਨਮਯ ਨਾਰੰਗ ਦੀ ਮਾਂ ਨੇ ਦੱਸਿਆ ਕਿ ਉਹ ਤਨਮਯ ਨੂੰ ਟੀਕਾਕਰਨ ਲਈ ਡਾਕਟਰ ਕੋਲ ਲੈ ਕੇ ਗਈ ਸੀ। ਇਸ ਦੌਰਾਨ ਜਦੋਂ ਡਾਕਟਰ ਨੂੰ ਪਤਾ ਲੱਗਾ ਕਿ ਤਨਮਯ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰ ਸਕਦਾ ਹੈ ਤਾਂ ਉਸ ਨੇ ਵੱਖ-ਵੱਖ ਵਿਸ਼ਵ ਰਿਕਾਰਡਾਂ ਨੂੰ ਭੇਜਣ ਲਈ ਨਾਂ ਦਿੱਤੇ। ਇਸ ਤੋਂ ਬਾਅਦ ਸਤੰਬਰ 2022 ਨੂੰ ਉਸ ਦੀ ਵਰਲਡ ਵਾਈਡ ਬੁੱਕ ਆਫ਼ ਰਿਕਾਰਡਜ਼ ਵਿੱਚ ਐਂਟਰੀ ਭੇਜੀ ਗਈ। ਜਿਸ ਦੇ ਆਧਾਰ ‘ਤੇ ਤਨਮਯ ਦਾ ਪੂਰਾ ਈਵੈਂਟ ਰਿਕਾਰਡ ਕੀਤਾ ਗਿਆ। ਇਸ ਦੇ ਸਬੂਤ ਭੇਜੇ ਗਏ ਸਨ। ਲਗਭਗ 4 ਮਹੀਨਿਆਂ ਬਾਅਦ ਹੁਣ ਉਨ੍ਹਾਂ ਦਾ ਸਰਟੀਫਿਕੇਟ, ਮੈਡਲ, ਕੈਟਾਲਾਗ ਅਤੇ ਗਿਫਟ ਆਇਆ ਹੈ।

ਨਵੀਆਂ ਚੀਜ਼ਾਂ ਸਿੱਖਣ ਦੀ ਤਨਮਯ ਨਾਰੰਗ ਦੀ ਉਤਸੁਕਤਾ ਵਧਦੀ ਜਾ ਰਹੀ ਹੈ। ਹੁਣ ਤਨਮਯ 100 ਦੇਸ਼ਾਂ ਦੀ ਕਰੰਸੀ, ਦੁਨੀਆ ਦੇ ਅਜੂਬਿਆਂ ਅਤੇ ਮਸ਼ਹੂਰ ਲੋਕਾਂ ਦੇ ਚਿਹਰਿਆਂ ਦੀ ਵੀ ਪਛਾਣ ਕਰ ਸਕਦਾ ਹੈ।

Scroll to Top