ਮੋਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਮਾਣ-ਸਤਿਕਾਰ ਨਾਲ ਵਾਪਸ ਲਿਆਉਣ ਵਿੱਚ ਅਸਫਲ ਰਹੀ-ਭਗਵੰਤ ਮਾਨ
ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ‘ਨਜ਼ਰਬੰਦੀ’ ਜਾਂ ਡਿਪੋਰਟ’ ਸੈਂਟਰ’ ਵਿੱਚ ਨਾ ਬਦਲੋ: ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਸੁਚੇਤ ਕੀਤਾ
ਅੰਮ੍ਰਿਤਸਰ, 15 ਫਰਵਰੀ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant maan) ਨੇ ਅੱਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਆਉਣ ਵਾਲੇ ਜਹਾਜ਼ਾਂ ਨੂੰ ਇਸ ਪਵਿੱਤਰ ਧਰਤੀ ‘ਤੇ ਵਾਰ-ਵਾਰ ਉਤਾਰ ਕੇ ਪਾਵਨ ਨਗਰੀ ਅੰਮ੍ਰਿਤਸਰ ਨੂੰ ‘ਨਜ਼ਰਬੰਦੀ ਜਾਂ ‘ਡਿਪੋਰਟ ਸੈਂਟਰ’ ਵਿੱਚ ਬਦਲਣ ਤੋਂ ਗੁਰੇਜ਼ ਕੀਤਾ ਜਾਵੇ।
ਮੁੱਖ ਮੰਤਰੀ ਨੇ ਅੱਜ ਦੇਰ ਰਾਤ ਉਤਰਨ ਵਾਲੇ ਭਾਰਤੀਆਂ ਦੇ ਸਵਾਗਤ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਥੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਚੇਤੇ ਕਰਵਾਇਆ ਕਿ ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਕਿ ਜਿਸ ਨੇ ਵੀ ਇਸ ਧਰਤੀ ‘ਤੇ ਬਦਨੀਤੀ ਨਾਲ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਉਹ ਕਦੇ ਵੀ ਬਚ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਪਾਵਨ ਧਰਤੀ ‘ਤੇ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ ਨੂੰ ਵਾਰ-ਵਾਰ ਉਤਾਰ ਕੇ ਘਟੀਆ ਹਥਕੰਡੇ ਅਪਣਾ ਰਹੀ ਹੈ ਤਾਂ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਦੁਨੀਆਂ ਭਰ ਵਿੱਚ ਬਦਨਾਮ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਸ ਕੋਝੀ ਹਰਕਤ ਨੇ ਪੂਰੇ ਪੰਜਾਬ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਵਲੂੰਧਰਿਆ ਹੈ।
ਮੁੱਖ ਮੰਤਰੀ ਨੇ ਭਾਜਪਾ ਅਤੇ ਮੋਦੀ ਨੂੰ ਯਾਦ ਦਿਵਾਇਆ ਕਿ ਇਹ ਪਵਿੱਤਰ ਧਰਤੀ ਜਿਸ ਦੀ ਵਰਤੋਂ ਉਹ ਪੰਜਾਬੀਆਂ ਦੇ ਅਕਸ ਨੂੰ ਖਰਾਬ ਕਰਨ ਲਈ ਕਰ ਰਹੇ ਹਨ, ਇਸ ਪਾਵਨ ਨਗਰੀ ਵਿਚ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਭਗਵਾਨ ਵਾਲਮੀਕਿ ਤੀਰਥ ਸਥਲ, ਦੁਰਗਿਆਣਾ ਮੰਦਰ ਸਥਿਤ ਹਨ। ਇਸ ਧਰਤੀ ਉੱਤੇ ਜਲ੍ਹਿਆਂਵਾਲਾ ਬਾਗ ਵੀ ਹੈ, ਜਿੱਥੇ ਸੈਂਕੜੇ ਨਿਰਦੋਸ਼ ਦੇਸ਼ ਭਗਤਾਂ ਨੇ ਵਤਨ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨਾ ਇਕ ਅਜਿਹਾ ਘਿਨਾਉਣਾ ਪਾਪ ਹੈ ਜਿਸ ਲਈ ਪੰਜਾਬ ਵਾਸੀ ਭਗਵਾਂ ਪਾਰਟੀ ਖਾਸ ਕਰਕੇ ਮੋਦੀ ਦੀ ਜੁੰਡਲੀ ਨੂੰ ਕਦੇ ਵੀ ਮੁਆਫ ਨਹੀਂ ਕਰ ਸਕਦੇ। ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਸਵਾਲ ਪੁੱਛਿਆ ਕਿ ਕੀ ਕੋਈ ਈਸਾਈ ਭਾਈਚਾਰੇ ਦੇ ਪਵਿੱਤਰ ਸ਼ਹਿਰ ਵੈਟੀਕਨ ਸਿਟੀ ਵਿੱਚ ਅਜਿਹੀ ਕੋਝੀ ਹਰਕਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਹੀਂ, ਤਾਂ ਫਿਰ ਡਿਪੋਰਟੀਆਂ ਨੂੰ ਲੈ ਕੇ ਆਉਣ ਵਾਲੇ ਜਹਾਜ਼ਾਂ ਨੂੰ ਅੰਮ੍ਰਿਤਸਰ ਵਿੱਚ ਵਾਰ-ਵਾਰ ਉਤਾਰ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾਈ ਜਾ ਰਹੀ ਹੈ?
ਮੁੱਖ ਮੰਤਰੀ ਨੇ ਦੇਸ਼ ਵਾਸੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹਿਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਢਾਹ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਮੌਜੂਦਾ ਸ਼ਾਸਨ ਦੌਰਾਨ ਦੇਸ਼ ਇੱਕ ਪ੍ਰਭਾਵਸ਼ਾਲੀ ਵਿਦੇਸ਼ ਨੀਤੀ ਤੋਂ ਵਾਂਝਾ ਹੈ ਜਿਸ ਕਾਰਨ ਡਿਪੋਰਟੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਆਪਣੇ ਹਾਲੀਆ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਜੱਫੀ ਪਾ ਰਹੇ ਸਨ ਅਤੇ ਉਸੇ ਸਮੇਂ ਜ਼ੰਜੀਰਾਂ ਨਾਲ ਜਕੜੇ ਭਾਰਤੀਆਂ ਨੂੰ ਸ਼ਰਮਨਾਕ ਢੰਗ ਨਾਲ ਉਨ੍ਹਾਂ ਦੀ ਜੱਦੀ ਧਰਤੀ ‘ਤੇ ਵਾਪਸ ਭੇਜਿਆ ਜਾ ਰਿਹਾ ਸੀ।
ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ ‘ਤੇ ਗੱਲ ਕਿਉਂ ਨਹੀਂ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਵਾਲੇ ਨਰਿੰਦਰ ਮੋਦੀ ਨੂੰ ਘੱਟੋ-ਘੱਟ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਣੇ ਦੇਸ਼ ਤੋਂ ਜਹਾਜ਼ ਭੇਜਣ ਦੀ ਪੇਸ਼ਕਸ਼ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸਾਰੇ ਭਾਰਤੀਆਂ ਨੂੰ ਹੈਰਾਨੀ ਹੋਈ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਆਪਣੀ ਪੂਰੀ ਮੁਲਾਕਾਤ ਦੌਰਾਨ ਇਸ ਮੁੱਦੇ ‘ਤੇ ਚੁੱਪੀ ਕਿਉਂ ਸਾਧੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਵਿਦੇਸ਼ੀ ਜੰਗੀ ਜਹਾਜ਼ ਨੂੰ ਅਜਿਹੇ ਹਵਾਈ ਅੱਡੇ ‘ਤੇ ਉਤਾਰਿਆ ਜਾ ਰਿਹਾ ਹੈ ਜੋ ਗੁਆਂਢੀ ਦੁਸ਼ਮਣ ਦੇਸ਼ ਤੋਂ ਸਿਰਫ 40 ਕਿਲੋਮੀਟਰ ਦੂਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਇਸ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ। ਵਿਦੇਸ਼ ਮੰਤਰਾਲੇ ਵੱਲੋਂ ਇਨ੍ਹਾਂ ਜਹਾਜ਼ਾਂ ਨੂੰ ਉਤਾਰਨ ਲਈ ਅੰਮ੍ਰਿਤਸਰ ਦੀ ਚੋਣ ਕਰਨ ਪਿੱਛੇ ਤਰਕ ‘ਤੇ ਸਵਾਲ ਉਠਾਉਂਦੇ ਹੋਏ, ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਵਿੱਚ ਸੈਂਕੜੇ ਹੋਰ ਹਵਾਈ ਅੱਡੇ ਹਨ ਪਰ ਇਹ ਸਿਰਫ਼ ਪੰਜਾਬ ਨੂੰ ਬਦਨਾਮ ਕਰਨ ਲਈ ਚੁਣਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪਾਸੇ ਜਦੋਂ ਸੂਬਾ ਸਰਕਾਰ ਵੱਲੋਂ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਈ ਬੇਤੁਕੇ ਕਾਰਨਾਂ ਦਾ ਹਵਾਲਾ ਦੇ ਕੇ ਇਸ ਮੰਗ ਨੂੰ ਠੁਕਰਾ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਕਾਰਨ ਇਹ ਭੋਲੇ-ਭਾਲੇ ਭਾਰਤੀ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀਆਂ ਨਾਲ ਧੋਖਾ ਕਰਨ ਵਾਲੇ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਇਹ ਦੂਜਿਆਂ ਲਈ ਸਬਕ ਬਣ ਸਕੇ।
ਉਹਨਾਂ ਦੱਸਿਆ ਕਿ ਅੱਜ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨ ਵਾਲੇ ਡਿਪੋਰਟ ਹੋਏ ਭਾਰਤੀਆਂ ਦੀ ਬੋਰਡਿੰਗ ਅਤੇ ਰਿਹਾਇਸ਼ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਗਿਆ ਹੈ ਕਿ ਡਿਪੋਰਟ ਕੀਤੇ ਗਏ ਸਾਰੇ ਵਿਅਕਤੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸੁਰੱਖਿਅਤ ਆਪਣੇ ਘਰ ਪਹੁੰਚ ਜਾਣ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਡਿਪੋਰਟ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਪੁਨਰਵਾਸ ਲਈ ਢੁਕਵੇਂ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Read More: ਪੇਂਡੂ ਚੌਕੀਦਾਰਾਂ ਦੇ ਮਾਣ ਭੱਤੇ ਵਿੱਚ ਅੱਠ ਸਾਲ ਬਾਅਦ ਹੋਇਆ ਵਾਧਾ