ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਤੋਂ ਸਾਲਾਸਰ ਧਾਮ (Salasar Dham) ਜਾ ਰਿਹਾ ਕਰੀਬ 50 ਸ਼ਰਧਾਲੂਆਂ ਦਾ ਟਰੱਕ ਪੱਲੂ ਨੇੜੇ ਟਾਇਰ ਫਟਣ ਕਾਰਨ ਪਲਟ ਗਿਆ। ਇਸ ਹਾਦਸੇ ‘ਚ 13 ਦੇ ਕਰੀਬ ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਸਥਾਨ ‘ਚ ਡਾਕਟਰਾਂ ਦੀ ਹੜਤਾਲ ਕਾਰਨ ਅਬੋਹਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੋਂ ਦੋ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਹਨੂੰਮਾਨ ਮੰਦਰ ਅਰਨੀਵਾਲਾ ਦੇ ਮੁੱਖ ਸੇਵਾਦਾਰ ਜਗਦੀਸ਼ ਸਚਦੇਵਾ ਅੱਜ ਸਾਲਾਸਰ ਧਾਮ (Salasar Dham) ਲਈ 7ਵੇਂ ਭੰਡਾਰੇ ਲਈ ਰਾਸ਼ਨ ਸਮਗਰੀ ਸਮੇਤ 50 ਦੇ ਕਰੀਬ ਸੇਵਾਦਾਰਾਂ ਨੂੰ ਟਰੱਕ ਵਿੱਚ ਲੈ ਕੇ ਜਾ ਰਹੇ ਸਨ। ਜਦੋਂ ਇਹ ਟਰੱਕ ਅੱਜ ਤੜਕੇ 2 ਵਜੇ ਦੇ ਕਰੀਬ ਰਾਜਸਥਾਨ ਦੇ ਪੱਲੂ ਨੇੜੇ ਪਹੁੰਚਿਆ ਤਾਂ ਅਚਾਨਕ ਟਾਇਰ ਫਟਣ ਕਾਰਨ ਟਰੱਕ ਸੜਕ ‘ਤੇ ਪਲਟ ਗਿਆ |
ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਪੱਲੂ ਦੇ ਸਿਵਲ ਹਸਪਤਾਲ ‘ਚ ਲਿਜਾਇਆ ਗਿਆ ਪਰ ਡਾਕਟਰਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਮਾਮੂਲੀ ਹਾਲਤ ‘ਚ ਅਬੋਹਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸੂਚਨਾ ਮਿਲਦੇ ਹੀ ਅਬੋਹਰ ਦੀ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਅਤੇ ਉਨ੍ਹਾਂ ਦੀ ਟੀਮ ਸਿਹਤ ਕਰਮਚਾਰੀਆਂ ਦੇ ਨਾਲ ਇਲਾਜ ਵਿੱਚ ਜੁੱਟ ਗਈ।