July 5, 2024 8:36 pm
Trident Stallions

Cricket: ਟਰਾਈਡੈਂਟ ਸਟਾਲੀਅਨਜ਼ ਦੀ ਡਿਫੈਂਡਿੰਗ ਚੈਂਪੀਅਨ BLV ਬਲਾਸਟਰਸ ‘ਤੇ ਸ਼ਾਨਦਾਰ ਜਿੱਤ

ਮੋਹਾਲੀ 13 ਜੂਨ 2024: ਟਰਾਈਡੈਂਟ ਸਟਾਲੀਅਨਜ਼ (Trident Stallions) ਨੇ ਸ਼ੇਰ-ਏ-ਪੰਜਾਬ ਟੀ-20 ਕੱਪ ‘ਚ ਦੂਜੀ ਵਾਰ 200 ਦਾ ਅੰਕੜਾ ਛੂਹਿਆ ਅਤੇ ਮੌਜੂਦਾ ਚੈਂਪੀਅਨ ਬੀਐੱਲਵੀ ਬਲਾਸਟਰਜ਼ ਨੂੰ ਟੀਚੇ ਤੱਕ ਪਹੁੰਚਣ ਦਾ ਮੌਕਾ ਨਹੀਂ ਦਿੱਤਾ। ਟੀਮ ਟ੍ਰਾਈਡੈਂਟ ਨੇ ਉਨ੍ਹਾਂ ਨੂੰ ਇਕਤਰਫਾ ਮੈਚ ‘ਚ 34 ਦੌੜਾਂ ਨਾਲ ਹਰਾ ਦਿੱਤਾ । ਟਰਾਈਡੈਂਟ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ ਅਤੇ ਜਵਾਬ ਵਿੱਚ ਬੀਐਲਵੀ ਬਲਾਸਟਰਜ਼ 20 ਓਵਰਾਂ ਵਿੱਚ 166 ਦੌੜਾਂ ਹੀ ਬਣਾ ਸਕੀ। ਟੀਮ ਟ੍ਰਾਈਡੈਂਟ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਦੂਜੀ ਜਿੱਤ ਹੈ।

ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਟਰਾਈਡੈਂਟ ਸਟਾਲੀਅਨਜ਼ (Trident Stallions) ਦੇ ਕਪਤਾਨ ਪ੍ਰਭਸਿਮਰਨ ਸਿੰਘ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਦਾ ਫੈਸਲਾ ਸਹੀ ਰਿਹਾ। ਵਿਹਾਨ ਨੇ 10 ਗੇਂਦਾਂ ‘ਚ 21 ਦੌੜਾਂ ਬਣਾਈਆਂ ਅਤੇ ਪ੍ਰਭਸਿਮਰਨ ਸਿੰਘ ਨੇ 24 ਗੇਂਦਾਂ ‘ਤੇ 34 ਦੌੜਾਂ ਬਣਾ ਕੇ ਹਮਲਾਵਰ ਸ਼ੁਰੂਆਤ ਦੀ ਨੀਂਹ ਰੱਖੀ। ਅਭੈ ਤੀਜੇ ਨੰਬਰ ‘ਤੇ ਆਇਆ ਪਰ ਉਹ 23 ਦੌੜਾਂ ਹੀ ਬਣਾ ਸਕਿਆ।

ਸਲਿਲ ਅਰੋੜਾ ਅਤੇ ਉਪ ਕਪਤਾਨ ਰਮਨਦੀਪ ਸਿੰਘ ਨੇ ਟੀਮ ਟ੍ਰਾਈਡੈਂਟ ਨੂੰ ਸੰਭਾਲਦੇ ਹੋਏ ਅਹਿਮ ਸਾਂਝੇਦਾਰੀ ਕੀਤੀ। ਰਮਨਦੀਪ ਸਿੰਘ ਨੇ 29 ਗੇਂਦਾਂ ‘ਚ 8 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 54 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸਲਿਲ ਅਰੋੜਾ ਨੇ 30 ਗੇਂਦਾਂ ‘ਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦੱਦ ਨਾਲ 56 ਦੌੜਾਂ ਦੀ ਨਾਬਾਦ ਪਾਰੀ ਖੇਡਦੇ ਹੋਏ 20 ਓਵਰਾਂ ‘ਚ ਸਕੋਰ ਨੂੰ 200/5 ਦੌੜਾਂ ਤੱਕ ਪਹੁੰਚਾਇਆ। ਮਾਨਵ ਨੇ ਦੋ ਵਿਕਟਾਂ ਲਈਆਂ, ਜਦਕਿ ਆਰਾਧਿਆ ਸ਼ੁਕਲਾ ਅਤੇ ਹਰਪ੍ਰੀਤ ਬਰਾੜ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ।

ਜਵਾਬ ‘ਚ ਟ੍ਰਾਈਡੈਂਟ ਦੇ ਗੇਂਦਬਾਜ਼ਾਂ ਨੇ ਬੀਐੱਲਵੀ ਬਲਾਸਟਰਜ਼ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ। ਸਲਾਮੀ ਬੱਲੇਬਾਜ਼ ਕੁੰਵਰਜੀਤ (24) ਅਤੇ ਹਰਨੂਰ (17) ਦੀ ਲਗਾਤਾਰ ਸ਼ੁਰੂਆਤ ਤੋਂ ਬਾਅਦ ਸਿਰਫ਼ ਨਮਨ ਧੀਰ ਹੀ ਚੰਗੇ ਸ਼ਾਟ ਲਗਾ ਸਕੇ। ਉਨ੍ਹਾਂ ਨੇ 33 ਗੇਂਦਾਂ ‘ਤੇ 58 ਦੌੜਾਂ ਬਣਾਈਆਂ, ਪਰ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ। ਬਲਾਸਟਰਜ਼ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ। ਤੇਜ਼ ਗੇਂਦਬਾਜ਼ ਬਲਤੇਜ ਸਿੰਘ ਨੇ 4 ਓਵਰਾਂ ‘ਚ 31 ਦੌੜਾਂ ਦੇ ਕੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਦਕਿ ਆਰਿਆਮਨ ਸਿੰਘ ਨੇ 4 ਓਵਰਾਂ ‘ਚ 44 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਸ਼ੁਭਮ ਰਾਣਾ ਨੇ 2 ਅਤੇ ਜਸ ਇੰਦਰ ਸਿੰਘ ਨੇ 1 ਵਿਕਟ ਲਈ।