ਟ੍ਰਾਈਡੈਂਟ ਗਰੁੱਪ

ਟ੍ਰਾਈਡੈਂਟ ਗਰੁੱਪ ਪੰਜਾਬ ‘ਚ 2000 ਕਰੋੜ ਰੁਪਏ ਦਾ ਕਰੇਗਾ ਨਿਵੇਸ਼: ਸੰਜੀਵ ਅਰੋੜਾ

ਚੰਡੀਗੜ੍ਹ, 20 ਨਵੰਬਰ 2025: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ‘ਚ ਉਦਯੋਗਿਕ ਮਾਹੌਲ ਸਿਰਜਣ ਅਤੇ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਦੇ ਯਤਨਾਂ ਤਹਿਤ ਟ੍ਰਾਈਡੈਂਟ ਗਰੁੱਪ ਪੰਜਾਬ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ | ਟ੍ਰਾਈਡੈਂਟ ਗਰੁੱਪ ਦਾ ਮਾਰਕੀਟ ਕੈਪ 18 ਹਜ਼ਾਰ ਕਰੋੜ ਰੁਪਏ ਅਤੇ ਟਰਨਓਵਰ 10 ਹਜ਼ਾਰ ਕਰੋੜ ਰਪੁਏ ਹੈ |

ਉਨ੍ਹਾਂ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਟੈਰੀ ਟਾਵਲ ਉਤਪਾਦਨ ਦੇ ਵਿਸਥਾਰ ਅਤੇ ਕਾਗਜ਼ ਨਿਰਮਾਣ ਉਦਯੋਗ ਦੇ ਆਧੁਨਿਕੀਕਰਨ ਲਈ ਬਰਨਾਲਾ ‘ਚ 1500 ਕਰੋੜ ਰੁਪਏ ਅਤੇ ਮੋਹਾਲੀ ‘ਚ ਇੱਕ ਕਾਰਪੋਰੇਟ ਦਫ਼ਤਰ ਅਤੇ ਸਮਰੱਥਾ ਨਿਰਮਾਣ ਕੇਂਦਰ ਦੀ ਸਥਾਪਨਾ ਲਈ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ | ਇਸ ਨਿਵੇਸ਼ ਨਾਲ ਮੁੱਖ ਤੌਰ ‘ਤੇ 2000 ਸੈਮੀ ਸਕਿਲਡ ਪੇਂਡੂ ਔਰਤਾਂ ਨੂੰ ਰੋਜ਼ਗਾਰ ਮਿਲੇਗਾ।

ਪ੍ਰੈਸ ਕਾਨਫਰੰਸ ਦੌਰਾਨ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਗਤੀਸ਼ੀਲ ਨੀਤੀਗਤ ਫੈਲਲਿਆਂ ਅਤੇ ਕਾਰੋਬਾਰ ਕਰਨ ‘ਚ ਆਸਾਨੀ ਲਈ ਚੁੱਕੇ ਸੁਧਾਰਾ ਸੰਬੰਧੀ ਕਦਮਾਂ ਨੇ ਸੂਬੇ ਨੂੰ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾ ਦਿੱਤਾ ਹੈ।

ਇਸ ਸੰਬੰਧੀ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਅਸੀਂ ਵਧਦੀ ਘਰੇਲੂ ਅਤੇ ਨਿਰਯਾਤ ਦੀ ਮੰਗ ਨੂੰ ਪੂਰਾ ਕਰਨ ਲਈ ਧਾਗੇ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਨਾਲ-ਨਾਲ ਆਪਣੀਆਂ ਮੌਜੂਦਾ ਟੈਕਸਟਾਈਲ ਸਮਰੱਥਾਵਾਂ ਨੂੰ ਵਧਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਾਤਾਵਰਣ-ਅਨੁਕੂਲ ਅਤੇ ਕੁਸ਼ਲ ਉਤਪਾਦਨ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਰਾਹੀਂ ਕਾਗਜ਼ ਨਿਰਮਾਣ ਉਦਯੋਗ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਟੈਰੀ ਟਾਵਲਜ਼ ‘ਚ ਇੱਕ ਮੋਹਰੀ ਨਿਰਯਾਤਕ ਅਤੇ ਨਿਰਮਾਤਾ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਪਾਦਨ ਨੂੰ ਵੀ ਵਧਾ ਰਹੇ ਹਾਂ ਅਤੇ ਇਸਦੇ ਨਾਲ ਹੀ ਸਥਾਨਕ ਨੌਜਵਾਨਾਂ ਅਤੇ ਕਰਮਚਾਰੀਆਂ ਦਰਮਿਆਨ ਹੁਨਰ ਵਿਕਾਸ ਅਤੇ ਤਕਨੀਕੀ ਮੁਹਾਰਤ ਨੂੰ ਵਧਾਉਣ ਲਈ ਇੱਕ ਸਮਰਪਿਤ ਸਮਰੱਥਾ ਨਿਰਮਾਣ ਕੇਂਦਰ ਸਥਾਪਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਪਾਰਕ ਕਾਰਜਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਹੁਨਰ ਨੂੰ ਆਕਰਸ਼ਿਤ ਕਰਨ ਲਈ ਮੋਹਾਲੀ ਵਿੱਚ ਇੱਕ ਅਤਿ-ਆਧੁਨਿਕ ਕਾਰਪੋਰੇਟ ਦਫ਼ਤਰ ਸਥਾਪਤ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਗਰੁੱਪ ਦੇ ਨਿਰਮਾਣ ਕੇਂਦਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ‘ਚ ਸੰਘੇੜਾ ਅਤੇ ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਜ਼ਿਲ੍ਹੇ ‘ਚ ਸਿਹੋਰ ‘ਚ ਸਥਾਪਤ ਹਨ। ਇਸ ਗਰੁੱਪ ਦੇ ਕਾਰੋਬਾਰ ‘ਚ 10 ਹਜ਼ਾਰ ਪਰਿਵਾਰ ਸਿੱਧੇ ਤੌਰ ‘ਤੇ ਕੰਮ ਕਰ ਰਹੇ ਹਨ ਅਤੇ ਅਸਿੱਧੇ ਤਰੀਕੇ ਨਾਲ ਇਹ ਗਰੁੱਪ 30 ਹਜ਼ਾਰ ਪਰਿਵਾਰਾਂ ਦਾ ਸਮਰਥਨ ਕਰ ਰਿਹਾ ਹੈ।

Read More: ਦੱਖਣੀ ਭਾਰਤ ਰੋਡਸ਼ੋਅ ‘ਚ ਪੰਜਾਬ ਨੇ 1,700 ਕਰੋੜ ਰੁਪਏ ਦੇ ਨਿਵੇਸ਼ ‘ਤੇ ਲਗਵਾਈ ਮੋਹਰ: ਸੰਜੀਵ ਅਰੋੜਾ

ਵਿਦੇਸ਼

Scroll to Top