ਟੌਹੜਾ (ਪਟਿਆਲਾ) 28 ਸਤੰਬਰ 2025: ਸਾਬਕਾ ਮੰਤਰੀ ਸਵਰਗੀ ਹਰਮੇਲ ਸਿੰਘ ਟੌਹੜਾ (former minister Harmel Singh Tohra) (77), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿੱਤ ਅੱਜ ਅੰਤਿਮ ਅਰਦਾਸ ਮੌਕੇ ਅੱਜ ਪਿੰਡ ਟੌਹੜਾ ਵਿਖੇ ਸ਼ਰਧਾਂਜਲੀ ਸਮਾਰੋਹ ਮੌਕੇ ਨਿੱਘੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਮਾਰੋਹ ਦੌਰਾਨ ਪੰਜਾਬ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਅਜੀਤਪਾਲ ਸਿੰਘ ਕੋਹਲੀ ਤੇ ਜਸਵੰਤ ਸਿੰਘ ਗੱਜਣਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ ਵੱਖ-ਵੱਖ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵਿਧਾਇਕ ਦੇਵ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਭੇਜਿਆ ਗਿਆ ਸ਼ੋਕ ਸੰਦੇਸ਼ ਟੌਹੜਾ ਪਰਿਵਾਰ ਨੂੰ ਸੌਂਪਿਆ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ਨਾਲ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਪੂਰੇ ਪੰਜਾਬ ਦੀ ਸਿਆਸਤ ਵਿੱਚ ਵੀ ਇੱਕ ਖਲਾਅ ਪੈਦਾ ਹੋਇਆ ਹੈ ਕਿਉਂਕਿ ਸਵਰਗੀ ਟੌਹੜਾ ਆਪਣੇ ਬਜ਼ੁਰਗ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦੱਸੇ ਰਸਤੇ ਉਤੇ ਚਲਕੇ ਲੋਕਾਂ ਦੀ ਸੇਵਾ ਕਰ ਰਹੇ ਸਨ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹਕੇ ਸੁਣਾਇਆ ਤੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਹਰਮੇਲ ਸਿੰਘ ਟੌਹੜਾ ਤੇ ਉਨ੍ਹਾਂ ਦੇ ਪਰਿਵਾਰ ਨੇ ਜੋ ਕੁਝ ਸਮਾਜ ਅਤੇ ਧਰਮ ਦੀ ਸੇਵਾ ਵਾਸਤੇ ਜੋ ਵਡਮੁੱਲਾ ਯੋਗਦਾਨ ਪਾਇਆ ਹੈ, ਉਸ ਨੂੰ ਉਹ ਸਿਜ਼ਦਾ ਕਰਦੇ ਹਨ।ਸਿਹਤ ਮੰਤਰੀ ਨੇ ਟੌਹੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਟੌਹੜਾ ਪਰਿਵਾਰ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਤੇ ਉਨ੍ਹਾਂ ਸਮੇਤ ਸਾਰਾ ਜਗਤ ਜਾਣਦਾ ਹੈ ਕਿ ਹਰਮੇਲ ਸਿੰਘ ਟੌਹੜਾ ਨੇ ਆਪਣੀ ਵਿਰਾਸਤ ਨੂੰ ਬਾਖੂਬੀ ਅੱਗੇ ਤੋਰਦਿਆਂ ਲੋਕਾਂ ਦੀ ਸੇਵਾ ਕੀਤੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਵਰਗੀ ਹਰਮੇਲ ਸਿੰਘ ਟੌਹੜਾ ਨੇ ਮੰਤਰੀ ਹੁੰਦਿਆਂ ਤੇ ਫੇਰ ਲੋਕਾਂ ਦੀ ਸੇਵਾ ਵਿੱਚ ਵਿਚਰਦਿਆਂ ਉਹੋ ਰਸਤਾ ਅਪਣਾਇਆ, ਜੋ ਉਨ੍ਹਾਂ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵਿਖਾਇਆ ਸੀ। ਸਿਹਤ ਮੰਤਰੀ ਨੇ ਆਪਣੇ ਨਾਨਾ ਵੈਦ ਗੁਰਚਰਨ ਸਿੰਘ ਤੇ ਮਰਹੂਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਸਾਧੂ ਸਿੰਘ ਭੌਰਾ ਦੀ ਆਪਸੀ ਸਾਂਝ ਦਾ ਜਿਕਰ ਕਰਦਿਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਆਪਣੇ ਬਿਤਾਏ ਪਲਾਂ ਦੀਆਂ ਯਾਦਾਂ ਤਾਜਾ ਕੀਤੀਆਂ ਤੇ ਕਿਹਾ ਕਿ ਜਥੇਦਾਰ ਟੌਹੜਾ ਕੋਲ ਕਮਾਂਡ ਹੁੰਦਿਆਂ ਸਿੱਖ ਧਰਮ ਦੀ ਪੂਰੀ ਚੜ੍ਹਤ ਰਹੀ ਹੈ। ਉਨ੍ਹਾਂ ਕਿਹਾ ਕਿ ਟੌਹੜਾ ਪਰਿਵਾਰ ਅਜੇ ਵੀ ਆਪਣੇ ਬਜੁਰਗਾਂ ਦੇ ਦਿੱਤੇ ਅਸੂਲਾਂ ਉਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਇਲਾਕੇ ਤੇ ਲੋਕਾਂ ਦੀ ਜਿੰਨੀ ਸੇਵਾ ਕੀਤੀ ਹੈ, ਇਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਅਤੇ ਇਹੀ ਹਰਮੇਲ ਸਿੰਘ ਟੌਹੜਾ ਨੂੰ ਸੱਚੀ ਸਰਧਾਂਜਲੀ ਹੋਵੇਗੀ।
Read More: ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ 21ਵੀ ਬਰਸੀ ‘ਤੇ ਰਾਜਨੀਤਿਕ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ