ਚੰਡੀਗੜ੍ਹ, 24 ਫਰਵਰੀ 2025: ਅੱਜ 16ਵੀਂ ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ | ਪੰਜਾਬ ਵਿਧਾਨ ਸਭਾ ਨੇ ਅੱਜ ਪਿਛਲੇ ਸਮੇਂ ‘ਚ ਵਿਛੜੀਆਂ ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਨ੍ਹਾਂ ‘ਚ ਰਾਜਨੀਤਿਕ ਆਗੂ, ਆਜ਼ਾਦੀ ਘੁਲਾਟੀਏ ਅਤੇ ਨਾਮਵਰ ਕਲਾਕਾਰ ਸ਼ਾਮਲ ਸਨ।
ਅੱਜ 16ਵੀਂ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੀ ਪਹਿਲੀ ਬੈਠਕ ਦੌਰਾਨ, ਸਦਨ ਨੇ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ (ਗੋਗੀ), ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਮੰਤਰੀ ਧਰਮਪਾਲ ਸੱਭਰਵਾਲ ਅਤੇ ਅਜੈਬ ਸਿੰਘ ਮੁਖਮੈਲਪੁਰ, ਸਾਬਕਾ ਰਾਜ ਸਭਾ ਮੈਂਬਰ ਹਰਵਿੰਦਰ ਸਿੰਘ ਹੰਸਪਾਲ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਸੁਖਵਿੰਦਰ ਸਿੰਘ ਬੁੱਟਰ ਅਤੇ ਭਾਗ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਵਿਧਾਨ ਸਭਾ (Punjab Vidhan Sabha) ‘ਚ ਆਜ਼ਾਦੀ ਘੁਲਾਟੀਆਂ ਕਰਨੈਲ ਸਿੰਘ, ਕਿੱਕਰ ਸਿੰਘ ਅਤੇ ਕੇਹਰ ਸਿੰਘ ਅਤੇ ਕਲਾਕਾਰ ਜਰਨੈਲ ਸਿੰਘ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਦੀ ਪਤਨੀ ਜਸਪਾਲ ਕੌਰ ਅਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਿਤਾ ਲਾਲ ਸਿੰਘ ਨੂੰ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਦੇਸ਼, ਸਮਾਜ ਅਤੇ ਭਾਈਚਾਰੇ ਲਈ ਵੱਡਾ ਘਾਟਾ ਹੈ। ਸਦਨ ਵੱਲੋਂ ਵਿੱਛੜੀਆਂ ਸਖਸ਼ੀਅਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਵਾਲਾ ਮਤਾ ਪਾਸ ਕੀਤਾ ਗਿਆ। ਪੂਰੇ ਸਦਨ ਨੇ ਦੋ ਮਿੰਟ ਦਾ ਮੌਨ ਰੱਖਿਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਬੇਨਤੀ ‘ਤੇ ਜਸਟਿਸ ਕੁਲਦੀਪ ਸਿੰਘ, ਜਿਨ੍ਹਾਂ ਦਾ ਹਾਲ ਹੀ ‘ਚ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਨਾਮ ਵੀ ਸ਼ਰਧਾਂਜਲੀ ਦੇਣ ਵਾਲਿਆਂ ‘ਚ ਸ਼ਾਮਲ ਕੀਤਾ ਗਿਆ ।
Read More: Punjab Vidhan Sabha: ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਸਦਨ ‘ਚ ਇਨ੍ਹਾਂ ਮੁੱਦਿਆਂ ‘ਤੇ ਹੋ ਰਹੀ ਚਰਚਾ