ਚੰਡੀਗੜ੍ਹ, 20 ਜੂਨ 2024: ਪੱਛਮੀ ਬੰਗਾਲ ਵਿੱਚ ਕੁਝ ਦਿਨ ਪਹਿਲਾਂ ਕੰਜਨਜੰਗਾ ਐਕਸਪ੍ਰੈਸ ਹਾਦਸੇ (Train Accident) ‘ਚ 10 ਜਣਿਆਂ ਦੀ ਜਾਨ ਚਲੀ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ | ਇਸ ਐਕਸਪ੍ਰੈਸ ਹਾਦਸੇ ਦੀ ਸ਼ੁਰੂਆਤੀ ਜਾਂਚ ‘ਚ ਕਈ ਵੱਡੇ ਖ਼ੁਲਾਸੇ ਹੋਏ ਹਨ | ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਇਹ ਹਾਦਸਾ ਮਾਲ ਗੱਡੀ ਦੇ ਅਮਲੇ ਅਤੇ ਜਲਪਾਈਗੁੜੀ ਡਿਵੀਜ਼ਨ ਦੇ ਸੰਚਾਲਨ ਵਿਭਾਗ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।
ਬੀਤੇ ਸੋਮਵਾਰ ਨੂੰ ਦਾਰਜੀਲਿੰਗ ਜ਼ਿਲੇ ‘ਚ ਇਕ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਮਰਨ ਵਾਲਿਆਂ ਵਿੱਚ ਯਾਤਰੀ ਟਰੇਨ ਦਾ ਗਾਰਡ ਅਤੇ ਮਾਲ ਗੱਡੀ ਦਾ ਡਰਾਈਵਰ ਵੀ ਸ਼ਾਮਲ ਹੈ।
ਜਾਂਚ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮਾਲ ਗੱਡੀ ਦੇ ਡਰਾਈਵਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਆਟੋਮੈਟਿਕ ਸਿਗਨਲ ਨੂੰ ਖਤਰਨਾਕ ਤਰੀਕੇ ਨਾਲ ਪਾਰ ਕੀਤਾ ਅਤੇ ਟਰੇਨ ਦੀ ਰਫਤਾਰ ਵੀ ਨਿਯਮਾਂ ਤੋਂ ਜ਼ਿਆਦਾ ਰੱਖੀ ਗਈ ਸੀ | ਦੂਜੇ ਪਾਸੇ ਹਾਦਸੇ (Train Accident) ਤੋਂ ਬਾਅਦ ਨਿਊ ਜਲਪਾਈਗੁੜੀ ਡਿਵੀਜ਼ਨ ਦੇ ਚੀਫ ਲੋਕੋ ਇੰਸਪੈਕਟਰ ਨੇ ਕਿਹਾ ਕਿ 17 ਜੂਨ ਨੂੰ ਸਵੇਰੇ 5.50 ਵਜੇ ਆਟੋਮੈਟਿਕ ਅਤੇ ਸੈਮੀ-ਆਟੋਮੈਟਿਕ ਸਿਗਨਲ ਕੰਮ ਨਹੀਂ ਕਰ ਰਹੇ ਸਨ।
ਹਾਦਸੇ ਮਗਰੋਂ ਰੇਲਵੇ ਬੋਰਡ ਦੀ ਚੇਅਰਪਰਸਨ ਜਯਾ ਵਰਮਾ ਸਿਨਹਾ ਦਾ ਕਹਿਣਾ ਸੀ ਕਿ ਮਾਲ ਗੱਡੀ ਦੇ ਡਰਾਈਵਰ ਨੇ ਸਿਗਨਲ ਦੀ ਅਣਦੇਖੀ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।