ਚੰਡੀਗੜ੍ਹ 04 ਜੁਲਾਈ, 2023: ਮਹਾਰਾਸ਼ਟਰ (Maharashtra) ਦੇ ਧੂਲੇ ‘ਚ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਬ੍ਰੇਕ ਫੇਲ ਹੋਣ ਕਾਰਨ ਮੁੰਬਈ-ਆਗਰਾ ਹਾਈਵੇਅ ‘ਤੇ ਇਕ ਟਰੱਕ ਇਕ ਹੋਟਲ ਵਿੱਚ ਜਾ ਵੜਿਆ । ਹਾਦਸੇ ਵਿੱਚ ਟਰੱਕ ਨੇ ਕਈ ਜਣਿਆਂ ਨੂੰ ਦਰੜ ਦਿੱਤਾ |
ਇਨ੍ਹਾਂ ‘ਚੋਂ 10 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 28 ਜਣੇ ਜ਼ਖਮੀ ਹੋ ਗਏ। ਇਹ ਹਾਦਸਾ ਦੁਪਹਿਰ 12 ਵਜੇ ਦੇ ਕਰੀਬ ਸ਼ਿਰਪੁਰ ਤਾਲੁਕਾ ਦੇ ਪਿੰਡ ਪਲਾਸਨੇਰ ‘ਚ ਵਾਪਰਿਆ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਹੋਟਲ ‘ਚ ਭੀੜ ਸੀ। ਇਸ ਕਾਰਨ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।
ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਰਫ਼ਤਾਰ ਟਰੱਕ ਇੱਕ ਕਾਰ ਨੂੰ ਅੱਗੇ ਜਾ ਕੇ ਟੱਕਰ ਮਾਰਦਾ ਹੈ ਅਤੇ ਸੜਕ ਕਿਨਾਰੇ ਇੱਕ ਹੋਟਲ ਵਿੱਚ ਜਾ ਵੜਦਾ ਹੈ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਅਤੇ ਕਰੇਨ ਦੀ ਮਦਦ ਨਾਲ ਕੰਟੇਨਰ ਨੂੰ ਹਟਾਇਆ ਗਿਆ। ਹਾਦਸੇ ‘ਚ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ।