Independence Day

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਬਦਲਵੇਂ ਰੂਟਾਂ/ਪਾਰਕਿੰਗ ਦਾ ਵੇਰਵਾ ਜਾਰੀ

ਜਲੰਧਰ, 12 ਅਗਸਤ 2023: ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 15 ਅਗਸਤ 2023 ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਡਾਇਵਰਸ਼ਨ/ਪਾਰਕਿੰਗ ਦਾ ਵੇਰਵਾ ਜਾਰੀ ਕੀਤਾ ਗਿਆ ਹੈ।

ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਸੁਚਾਰੂ ਟਰੈਫਿਕ ਵਿਵਸਥਾ ਅਤੇ ਆਮ ਪਬਲਿਕ ਤੇ ਵਾਹਨ ਚਾਲਕਾਂ ਦੀ ਸਹੂਲਤ ਲਈ ਸਟੇਡੀਅਮ ਨੂੰ ਲੱਗਦੇ ਰਸਤਿਆਂ ਅਤੇ ਬੱਸ ਸਟੈਂਡ ਜਲੰਧਰ ਤੋਂ ਆਉਣ-ਜਾਣ ਵਾਲੀਆਂ ਸਵਾਰੀ ਬੱਸਾਂ/ਵ੍ਹੀਕਲਾਂ ਲਈ ਰੂਟ ਡਾਇਵਰਟ ਕੀਤੇ ਗਏ ਹਨ।ਇਸ ਤੋਂ ਇਲਾਵਾ ਵਾਹਨਾਂ ਆਦਿ ਲਈ ਪਾਰਕਿੰਗ ਸਥਾਨ ਵੀ ਬਣਾਏ ਗਏ ਹਨ ਤਾਂ ਜੋ ਸਮਾਗਮ ਦੌਰਾਨ ਉਕਤ ਏਰੀਏ ਵਿੱਚ ਟ੍ਰੈਫਿਕ ਵਿਵਸਥਾ ਨਿਰਵਿਘਨ ਅਤੇ ਸੁਚਾਰੂ ਰੂਪ ਨਾਲ ਚੱਲਦੀ ਰਹੇ।

15 ਅਗਸਤ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਡਾਇਵਰਟ ਕੀਤੇ ਚੌਕ

jalandhar

ਪ੍ਰਾਪਤ ਵੇਰਵੇ ਅਨੁਸਾਰ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲੇ ਸਾਰੇ ਵਾਹਨ ਬੱਸ ਸਟੈਂਡ-ਸਮਰਾ ਚੌਕ-ਕੂਲ ਰੋਡ-ਟ੍ਰੈਫਿਕ ਸਿਗਨਲ ਲਾਈਟਾਂ ਅਰਬਨ ਇਸਟੇਟ ਫੇਜ-2-ਸੀ.ਟੀ. ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ ਰੂਟ ਦਾ ਇਸਤੇਮਾਲ ਕਰਨਗੇ ਅਤੇ ਵਡਾਲਾ ਚੌਕ-ਗੁਰੂ ਰਵਿਦਾਸ ਚੌਕ ਰੂਟ ਰਾਹੀਂ ਆਉਣ-ਜਾਣ ਦੀ ਮਨਾਹੀ ਰਹੇਗੀ। ਇਸੇ ਤਰ੍ਹਾਂ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ/ਹੈਵੀ ਵਾਹਨ ਪੀ.ਏ.ਪੀ ਚੌਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦਾ ਇਸਤੇਮਾਲ ਕਰਨਗੇ।

ਸਮਾਗਮ ਵਿੱਚ ਆਉਣ ਵਾਲੇ ਵਾਹਨਾਂ/ਬੱਸਾਂ ਲਈ ਪਾਰਕਿੰਗ ਸਥਾਨ

ਪਬਲਿਕ ਬੱਸਾਂ ਅਤੇ ਸਕੂਲੀ ਵਾਹਨਾਂ ਦੀ ਪਾਰਕਿੰਗ ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ ਤੱਕ ਸੜਕ ਦੇ ਦੋਵੇਂ ਪਾਸੇ ਹੋਵੇਗੀ। ਇਸੇ ਤਰ੍ਹਾਂ ਪ੍ਰੈਸ ਦੀ ਪਾਰਕਿੰਗ ਸਟੇਡੀਅਮ ਦੇ ਪਿਛਲੇ ਪਾਸੇ ਟੈਂਕੀ ਵਾਲੀ ਗਲੀ, ਪਬਲਿਕ ਲਈ ਕਾਰ ਪਾਰਕਿੰਗ ਮਸੰਦ ਚੌਕ ਤੋਂ ਗੀਤਾ ਮੰਦਰ ਚੌਕ ਤੱਕ ਸੜਕ ਦੇ ਦੋਵੇਂ ਪਾਸੇ ਅਤੇ ਪਬਲਿਕ ਲਈ ਦੁਪਹੀਆ ਵਾਹਨ ਪਾਰਕਿੰਗ ਸਿਟੀ ਹਸਪਤਾਲ ਚੌਕ ਤੋਂ ਏ.ਪੀ.ਜੇ. ਸਕੂਲ ਤੱਕ ਸੜਕ ਦੇ ਦੋਵੇਂ ਪਾਸੇ ਹੋਵੇਗੀ।

ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਲੱਗਦੇ ਮੇਨ ਰੋਡ ਅਤੇ ਲਿੰਕ ਰਸਤਿਆਂ ਦਾ ਇਸਤੇਮਾਲ ਕਰਨ ਦੀ ਬਜਾਏ ਉਕਤ ਅਨੁਸਾਰ ਬਦਲਵੇਂ ਰੂਟਾਂ ਦੀ ਵਰਤੋਂ ਕੀਤੀ ਜਾਵੇ ਅਤੇ ਉਪਰੋਕਤ ਅਨੁਸਾਰ ਪਾਰਕਿੰਗ ਸਥਾਨਾਂ ’ਤੇ ਆਪਣੇ ਵਾਹਨਾਂ ਨੂੰ ਸਹੀ ਢੰਗ ਨਾਲ ਪਾਰਕ ਕਰਦੇ ਹੋਏ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟ੍ਰੈਫਿਕ ਪੁਲਿਸ ਹੈਲਪ ਲਾਈਨ ਨੰਬਰ 0181-2227296 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

 

Scroll to Top