ਚੰਡੀਗੜ੍ਹ, 15 ਫਰਵਰੀ 2024: ਕਿਸਾਨਾਂ ਨੂੰ ਰੋਕਣ ਲਈ ਦਿੱਲੀ ‘ਚ ਦਾਖਲ ਹੋਣ ਵਾਲੀਆਂ ਸੜਕਾਂ ‘ਤੇ ਕਈ ਥਾਵਾਂ ‘ਤੇ ਬੈਰੀਕੇਡ ਲਗਾਏ ਗਏ ਹਨ | ਅੱਜ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਚੰਡੀਗੜ੍ਹ ਵਿਖੇ ਸ਼ਾਮ 5 ਵਜੇ ਬੈਠਕ ਹੋਣ ਜਾ ਰਹੀ ਹੈ | ਦੂਜੇ ਪਾਸੇ ਦਿੱਲੀ ਦੇ ਗਾਜ਼ੀਪੁਰ ਬਾਰਡਰ (Gazipur border) ‘ਤੇ ਜਾਮ ਲੱਗਾ ਹੋਇਆ ਹੈ। ਦਫ਼ਤਰੀ ਸਮੇਂ ਦੌਰਾਨ ਦਿੱਲੀ ਤੋਂ ਗਾਜ਼ੀਆਬਾਦ ਤੱਕ ਸੜਕ ’ਤੇ ਜਾਮ ਲੱਗ ਜਾਂਦਾ ਹੈ। ਜਿਸ ਕਾਰਨ ਆਵਾਜਾਈ ਦੀ ਰਫ਼ਤਾਰ ਰੁਕ ਗਈ ਹੈ।
ਯੂਪੀ ਗੇਟ ‘ਤੇ ਬੈਰੀਕੇਡਿੰਗ ਹੋਣ ਕਾਰਨ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ NH-44 ‘ਤੇ ਸਿੰਘੂ ਬਾਰਡਰ ਆਵਾਜਾਈ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਲੋਕਾਂ ਨੂੰ ਬਦਲਵੇਂ ਰਸਤੇ ਚੁਣਨ ਦੀ ਸਲਾਹ ਦਿੱਤੀ ਗਈ ਹੈ।
ਕਿਸਾਨ ਰਾਸ਼ਟਰੀ ਰਾਜਧਾਨੀ ਤੋਂ ਕਰੀਬ 200 ਕਿਲੋਮੀਟਰ ਦੂਰ ਹਨ ਪਰ ਦਿੱਲੀ ਦੇ ਲੋਕ ਤਿੰਨ ਦਿਨਾਂ ਤੋਂ ਟ੍ਰੈਫਿਕ ਜਾਮ ਨਾਲ ਜੂਝ ਰਹੇ ਹਨ। ਹਰ ਰੋਜ਼ ਮੁੱਖ ਮਾਰਗਾਂ ’ਤੇ 4 ਤੋਂ 6 ਕਿਲੋਮੀਟਰ ਲੰਬਾ ਟਰੈਫਿਕ ਜਾਮ ਲੱਗਦਾ ਹੈ। ਇਸ ਕਾਰਨ ਲੋਕ ਘੰਟਿਆਂਬੱਧੀ ਆਵਾਜਾਈ ਵਿੱਚ ਫਸੇ ਰਹਿੰਦੇ ਹਨ। ਬੁੱਧਵਾਰ ਨੂੰ ਵੀ ਟਿੱਕਰੀ ਅਤੇ ਸਿੰਘੂ ਬਾਰਡਰ ਦੀ ਹਾਲਤ ਖ਼ਰਾਬ ਰਹੀ। ਉਨ੍ਹਾਂ ਨਾਲ ਲੱਗਦੇ ਇਲਾਕਿਆਂ ਅਤੇ ਸੜਕਾਂ ‘ਤੇ ਸਾਰਾ ਦਿਨ ਟ੍ਰੈਫਿਕ ਜਾਮ ਰਿਹਾ। ਹਾਲਾਂਕਿ, ਗਾਜ਼ੀਪੁਰ ਅਤੇ ਨੋਇਡਾ ਦੀ ਚਿੱਲਾ ਸਰਹੱਦ ‘ਤੇ ਕੁਝ ਬੈਰੀਕੇਡਾਂ ਨੂੰ ਹਟਾ ਕੇ ਲਗਭਗ ਦੋ-ਦੋ ਲੇਨਾਂ ਖੋਲ੍ਹ ਦਿੱਤੀਆਂ ਗਈਆਂ, ਜਿਸ ਨਾਲ ਦਿੱਲੀ-ਯੂਪੀ ਯਾਤਰੀਆਂ ਨੂੰ ਕੁਝ ਰਾਹਤ ਮਿਲੀ। ਇੱਥੇ ਬਦਰਪੁਰ ਅਤੇ ਘਿਤੌਰਨੀ ਸਰਹੱਦ ‘ਤੇ ਵੀ ਸਥਿਤੀ ਆਮ ਵਾਂਗ ਰਹੀ।