ਮੱਧ ਪ੍ਰਦੇਸ਼, 09 ਅਕਤੂਬਰ 2025: ਕੋਲਡਰਿਫ ਖੰਘ ਦੇ ਸਿਰਪ (Coldrif cough syrup) ਕਾਰਨ ਬੱਚਿਆਂ ਦੀ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ। ਮੱਧ ਪ੍ਰਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ ਹੁਣ 22 ਤੱਕ ਪਹੁੰਚ ਗਈ ਹੈ। ਨਾਗਪੁਰ ‘ਚ ਇਲਾਜ ਅਧੀਨ ਦੋ ਹੋਰ ਬੱਚੇ ਦਮ ਤੋੜ ਗਏ ਹਨ। ਛਿੰਦਵਾੜਾ ‘ਚ 19, ਪੰਡੁਰਨਾ ‘ਚ ਇੱਕ ਅਤੇ ਬੈਤੂਲ ‘ਚ ਦੋ ਮੌਤਾਂ ਦੇ ਨਾਲ, ਆਪਣੀ ਜਾਨ ਗੁਆਉਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ 22 ਤੱਕ ਪਹੁੰਚ ਗਈ ਹੈ। ਕਈ ਬੱਚੇ ਅਜੇ ਵੀ ਹਸਪਤਾਲ ‘ਚ ਦਾਖਲ ਹਨ।
ਛਿੰਦਵਾੜਾ ਦੇ ਐਡੀਸ਼ਨਲ ਕੁਲੈਕਟਰ, ਧੀਰੇਂਦਰ ਸਿੰਘ ਨੇਤਰੀ ਨੇ ਦੱਸਿਆ ਕਿ ਪੰਜ ਸਾਲਾ ਵਿਸ਼ਾਲ ਦੀ ਬੁੱਧਵਾਰ ਸ਼ਾਮ ਨੂੰ ਮੌਤ ਹੋ ਗਈ ਸੀ, ਅਤੇ ਚਾਰ ਸਾਲਾ ਮਯੰਕ ਸੂਰਿਆਵੰਸ਼ੀ ਦੀ ਕੱਲ੍ਹ ਦੇਰ ਰਾਤ ਮਹਾਰਾਸ਼ਟਰ ਦੇ ਗੁਆਂਢੀ ਸ਼ਹਿਰ ਨਾਗਪੁਰ ਦੇ ਇੱਕ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਦੋਵੇਂ ਬੱਚੇ ਛਿੰਦਵਾੜਾ ਦੇ ਪਰਸੀਆ ਕਸਬੇ ਦੇ ਨਿਵਾਸੀ ਸਨ।
ਜਾਂਚ ‘ਚ ਘੋਰ ਲਾਪਰਵਾਹੀ ?
ਜਾਂਚ ‘ਚ ਖੁਲਾਸਾ ਹੋਇਆ ਕਿ ਕੁਝ ਨਿੱਜੀ ਡਾਕਟਰਾਂ, ਜਿਨ੍ਹਾਂ ‘ਚ ਪ੍ਰਮੁੱਖ ਡਾਕਟਰ ਪ੍ਰਵੀਨ ਸੋਨੀ ਸ਼ਾਮਲ ਹਨ, ਉਨ੍ਹਾਂ ਨੇ ਬੱਚਿਆਂ ਨੂੰ ਕੋਲਡਰਿਫ ਸਿਰਪ ਪਿਲਾਈ ਸੀ। ਸਿਰਪ ਪੀਣ ਦੇ ਕੁਝ ਘੰਟਿਆਂ ਦੇ ਅੰਦਰ, ਬੱਚਿਆਂ ਦੇ ਗੁਰਦੇ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ। ਡਾਕਟਰੀ ਜਾਂਚਾਂ ਨੇ ਸਿਰਪ ‘ਚ ਜ਼ਹਿਰੀਲੇ ਰਸਾਇਣਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ, ਜੋ ਸਰੀਰ ‘ਚ ਦਾਖਲ ਹੋਣ ‘ਤੇ, ਗੁਰਦਿਆਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਇਸੇ ਕਰਕੇ ਬਹੁਤ ਸਾਰੇ ਬੱਚਿਆਂ ਦੀ ਗੁਰਦੇ ਫੇਲ੍ਹ ਹੋਣ ਕਾਰਨ ਮੌਤ ਹੋ ਗਈ।
ਮਾਮਲੇ ‘ਚ ਹੁਣ ਤੱਕ ਦੀਆਂ ਕਾਰਵਾਈਆਂ
ਛਿੰਦਵਾੜਾ ਦੇ ਪੁਲਿਸ ਸੁਪਰਡੈਂਟ ਅਜੇ ਪਾਂਡੇ ਨੇ ਦੱਸਿਆ ਕਿ ਸ਼੍ਰੀਸਨ ਫਾਰਮਾ ਦੇ ਮਾਲਕ ਐਸ. ਰੰਗਨਾਥਨ ਨੂੰ ਕੱਲ੍ਹ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਚੇਨਈ (ਤਾਮਿਲਨਾਡੂ) ਦੀ ਇੱਕ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਟ੍ਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ, ਛਿੰਦਵਾੜਾ (ਮੱਧ ਪ੍ਰਦੇਸ਼) ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ, ਪ੍ਰਸ਼ਾਸਨ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਹੈ। ਕਮੇਟੀ ਇਹ ਜਾਂਚ ਕਰੇਗੀ ਕਿ ਸਿਰਪ ਬਾਜ਼ਾਰ ‘ਚ ਕਿਵੇਂ ਪਹੁੰਚਿਆ, ਲਾਪਰਵਾਹੀ ਦਾ ਪੱਧਰ ਅਤੇ ਕੌਣ ਜ਼ਿੰਮੇਵਾਰ ਹੈ।
Read More: ਪੰਜਾਬ ਸਰਕਾਰ ਵੱਲੋਂ ਕੋਲਡਰਿਫ ਸਿਰਪ ਦੀ ਵਿਕਰੀ ਤੇ ਵਰਤੋਂ ‘ਤੇ ਪਾਬੰਦੀ