ਨਵਾਂਸ਼ਹਿਰ, 28 ਮਈ 2023: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਐਤਵਾਰ ਨੂੰ ਨਵਾਂਸ਼ਹਿਰ ਵਿਖੇ ਆਖਿਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਜਲਦ ਹੀ ਡਾਕਟਰਾਂ ਦੇ ‘ਪੇਅ ਸਕੇਲ’ ਨੂੰ ਮੁੜ ਤੋਂ ਪ੍ਰਭਾਸ਼ਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੱਕ 550 ਡਾਕਟਰ ਨਵੇਂ ਆ ਜਾਣਗੇ, ਜਿਨ੍ਹਾਂ ਦੀ ਤਨਖਾਹ 30 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵੱਲੋਂ 7ਵੇਂ ਪੇਅ ਸਕੇਲ ਨੂੰ ਲਾਗੂ ਕਰਨ ਨਾਲ ਪੰਜਾਬ ਵਿੱਚ ਡਾਕਟਰਾਂ ਦੀ ਤਨਖਾਹ 1.41 ਲੱਖ ਤੋਂ ਘਟ ਕੇ 1.18 ਲੱਖ ਰੁਪਏ ਰਹਿ ਜਾਣ ਕਾਰਨ, ਨੌਕਰੀਆਂ ਛੱਡ ਕੇ ਗੁਆਂਢੀ ਰਾਜਾਂ ਵਿੱਚ ਗਏ ਡਾਕਟਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ‘ਪੇਅ ਸਕੇਲ’ ਮੁੜ ਤੋਂ ਪ੍ਰਭਾਸ਼ਿਤ ਕਰਕੇ ਇੱਥੇ ਹੀ ਪੂਰੀ ਤਨਖਾਹ ਦਿੱਤੀ ਜਾਵੇਗੀ।
ਉਨ੍ਹਾਂ (Dr. Balbir Singh) ਕਿਹਾ ਕਿ ਪੰਜਾਬ ਨੂੰ ਡਾਕਟਰਾਂ ਦੀ ਬਹੁਤ ਲੋੜ ਹੈ ਅਤੇ ਸਰਕਾਰ ਆਪਣੇ ਪੱਧਰ ’ਤੇ ਮੈਡੀਕਲ ਸਪੈਸ਼ਲਿਸਟਾਂ, ਰੇਡੀਓ ਡਾਇਗਨਿਸਟਾਂ, ਗਾਇਨੀ ਤੇ ਹੋਰ ਮਾਹਿਰਾਂ ਦੀ ਕਮੀ ਨੂੰ ਪੂਰਾ ਕਰਨ ’ਚ ਲੱਗੀ ਹੋਈ ਹੈ। ਉੁਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਂਵਾਂ ’ਚ ਢਾਂਚਾਗਤ ਲੋੜਾਂ ਤੇ ਹੋਰ ਸਟਾਫ਼ ਜਿਨ੍ਹਾਂ ’ਚ ਸਟਾਫ਼ ਨਰਸਾਂ, ਪੈਰਾ ਮੈਡਿਕਸ, ਦਰਜਾ ਚਾਰ, ਵਾਰਡ ਅਟੈਂਡੈਂਟ ਦੀ ਭਰਤੀ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਅਨੁਸਾਰ ਸਰਕਾਰੀ ਹਸਪਤਾਲਾਂ ’ਚ ਸਪਲਾਈ ਹੁੰਦੀ 95 ਫ਼ੀਸਦੀ ਦਵਾਈ ਲਈ ‘ਰੇਟ ਕੰਟ੍ਰੈਕਟ’ ਤੈਅ ਹਨ ਅਤੇ ਰਹਿੰਦੇ 5 ਫ਼ੀਸਦੀ ‘ਰੇਟ ਕੰਟ੍ਰੈਕਟ’ ਵੀ ਜਲਦ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਰਕਾਰੀ ਹਸਪਤਾਲਾਂ ਦੀਆਂ ਐਮਰਜੈਂਸੀ ਮੈਡੀਕਲ ਸੇਵਾਵਾਂ ਹੋਰ ਵੀ ਬੇਹਤਰ ਹੋਣਗੀਆਂ ਅਤੇ ਸਾਰੇ ਲੋੜੀਂਦੇ ਟੈਸਟ, ਮੈਡੀਕਲ ਮਾਹਿਰ ਤੇ ਦਵਾਈਆਂ ਇੱਥੇ ਹੀ ਉਪਲਬਧ ਹੋਣਗੇ।
ਉਨ੍ਹਾਂ ਦੱਸਿਆ ਕਿ ਰਾਜ ਵਿੱਚ ਖੋਲ੍ਹੇ ਗਏ 580 ਆਮ ਆਦਮੀ ਕਲੀਨਿਕਾਂ ਨੇ ਆਮ ਲੋਕਾਂ ਨੂੰ ਸਿਹਤ ਸੰਭਾਲ ਵਿੱਚ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਵੱਡੇ ਹਸਪਤਾਲਾਂ ’ਚ ਵੀ ਓ ਪੀ ਡੀ ਵਾਲੇ ਮਰੀਜ਼ਾਂ ਦੀ ਭੀੜ ਘਟੀ ਹੈ। ਉਨ੍ਹਾਂ ਨੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੂੰ ਆਮ ਲੋਕਾਂ ਨੂੰ ਸ਼ੂਗਰ ਤੇ ਬੀ ਪੀ ਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਆਮ ਲੋਕਾਂ ਖਾਸ ਕਰ ਹਾਈ ਰਿਸਕ ਜ਼ੋਨ ’ਚ ਆਉਂਦੀਆਂ ਗਰਭਵਤੀ ਮਹਿਲਾਵਾਂ ਨੂੰ ੇਯੋਗਾ, ਸੈਰ ਅਤੇ ਹੋਰ ‘ਲਾਈਫ਼ ਸਟਾਈਲ’ ਤਬਦੀਲੀਆਂ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਤਿਆਰ ਕੀਤਾ ਜਾਵੇ।