July 3, 2024 11:43 am
Sakshi Sahni

ਕਿਸਾਨਾਂ ਦੀ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਤੱਕ ਖ਼ੁਦ ਕਰੇਗਾ ਪਹੁੰਚ: DC ਸਾਕਸ਼ੀ ਸਾਹਨੀ

ਪਟਿਆਲਾ, 14 ਫਰਵਰੀ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Sakshi Sahni) ਨੇ ਅੱਜ ਜ਼ਿਲ੍ਹੇ ਦੇ ਕਿਸਾਨਾਂ ਦੀ ਸਮੱਸਿਆਵਾਂ ਦੇ ਹੱਲ ਲਈ ਕਿਸਾਨਾਂ ਅਤੇ ਸਬੰਧਤ ਵਿਭਾਗਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਅਤੇ ਤੁਰੰਤ ਸਬੰਧਤ ਵਿਭਾਗਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਹਿਰਦ ਯਤਨ ਕਰ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ ‘ਚ ਜਨ ਸੁਵਿਧਾ, ਜਨ ਸੁਣਵਾਈ ਤੇ ਮਾਲ ਸੁਵਿਧਾ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰ ਸਕਦਾ ਹੈ।

ਇਸ ਮੌਕੇ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਨਾਲ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਦਿੱਤੀਆਂ 21 ਮੰਗਾਂ ਸਬੰਧੀ ਹਰੇਕ ਨੁਕਤੇ ‘ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੋ ਮੰਗਾਂ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਹਨ ਉਨ੍ਹਾਂ ‘ਚੋਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ ‘ਤੇ ਹੱਲ ਹੋ ਸਕਦੀਆਂ ਹਨ ਉਨ੍ਹਾਂ ਸਮੱਸਿਆਵਾਂ ਨੂੰ ਸਮਾਂਬੱਧ ਕਰਕੇ ਹੱਲ ਕੀਤਾ ਜਾਵੇਗਾ ਅਤੇ ਸਰਕਾਰ ਪੱਧਰ ਦੇ ਮਸਲਿਆਂ ਸਬੰਧੀ ਸਰਕਾਰ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਤੱਕ ਖੁਦ ਪਹੁੰਚ ਕਰੇਗਾ।

ਸਾਕਸ਼ੀ ਸਾਹਨੀ (Sakshi Sahni) ਨੇ ਮੀਟਿੰਗ ਦੌਰਾਨ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਸਹਾਇਕ ਕਿੱਤਿਆਂ ਵੱਲ ਉਤਸ਼ਾਹਤ ਕਰਨ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਜਨਾ ਬਣਾਈ ਗਈ ਹੈ ਤਾਂ ਜੋ ਸਰਕਾਰ ਵੱਲੋਂ ਡੇਅਰੀ ਫਾਰਮਿੰਗ ਸਮੇਤ ਹੋਰ ਕਿੱਤਿਆਂ ਲਈ ਦਿੱਤੀ ਜਾਂਦੀ ਟਰੇਨਿੰਗ ਅਤੇ ਆਰਥਿਕ ਸਹਾਇਤਾ ਸਬੰਧੀ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਮੀਟਿੰਗ ‘ਚ ਐਸ.ਪੀ. (ਐਚ) ਹਰਵੰਤ ਕੌਰ, ਐਸ.ਡੀ.ਐਮ. ਨਾਭਾ ਦਮਨਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਿਸਾਨ ਆਗੂ ਜਸਵਿੰਦਰ ਸਿੰਘ ਬਰਾਸ, ਸੁਖਮਿੰਦਰ ਸਿੰਘ ਬਾਰਨ, ਜਗਮੇਲ ਸਿੰਘ ਗਾਜੇਵਾਸ, ਹਰਦੇਵ ਸਿੰਘ ਘੱਗਾ, ਬਲਰਾਜ ਸਿੰਘ ਜੋਸ਼ੀ, ਅਮਰੀਕ ਸਿੰਘ ਘੱਗਾ, ਦਵਿੰਦਰ ਸਿੰਘ ਸੀਲ, ਹਰਪ੍ਰੀਤ ਸਿੰਘ ਦੌਣ, ਅਵਤਾਰ ਸਿੰਘ, ਰਾਜਇੰਦਰ ਸਿੰਘ, ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਵੀ ਮੌਜੂਦ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ।