ਸੁਲਤਾਨਪੁਰ ਲੋਧੀ, 28 ਮਈ 2023: ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 35ਵੀਂ ਸਲਾਨਾ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਈ ਗਈ। ਬਰਸੀ ਮੌਕੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਸ਼ਰਧਾਂ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਪੰਜਾਬ ਦੀ ਹੋਂਦ ਨੂੰ ਬਚਾੳਣ ਲਈ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ।
ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਪਿਛਲੇ 25 ਸਾਲਾਂ ਤੋਂ ਨਿਰੰਤਰ ਕੀਤੇ ਜਾ ਰਹੇ ਕੰਮਾਂ ਦੀ ਸਲਾਂਘਾ ਕਰਦਿਆ ਕਿਹਾ ਕਿ ਉਹ ਲਗਾਤਾਰ ਪੰਜਾਬੀਆਂ ਨੂੰ ਹਲੂਣਾ ਦਿੰਦੇ ਆ ਰਹੇ ਹਨ ਕਿ ਧਰਤੀ ਹੇਠਲਾ ਪਾਣੀ ਮੁੱਕਦਾ ਤੇ ਸੁੱਕਦਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪਾਣੀ ਦੇ ਨਾਲ ਹੀ ਪੰਜਾਬ ਦੀ ਹੋਂਦ ਹੈ।
ਉਨ੍ਹਾਂ (Kultar Singh Sandhawan) ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆ ਕਿਹਾ ਕਿ 2039 ਤੱਕ ਧਰਤੀ ਹੇਠਾਂ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਪਾਣੀ ਹੀ ਨਾ ਬਚਿਆ ਤਾਂ ਫਿਰ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਪੀਕਰ ਸੰਧਵਾਂ ਨੇ ਲੁਧਿਆਣੇ ਦੇ ਬੁੱਢੇ ਨਾਲ ਦਾ ਜ਼ਿਕਰ ਕਰਦਿਆ ਕਿਹਾ ਕਿ ਇੱਥੇ ਕਦੇਂ ਸਤਲੁਜ ਦਰਿਆ ਦੀ ਇੱਕ ਧਾਰਾ ਵੱਗਿਆ ਕਰਦੀ ਸੀ। ਪਰ ਮੁਨਾਫੇ ਦੀ ਹੋੜ ਕਾਰਨ ਇਹ ਦਰਿਆ ਬੁੱਢਾ ਨਾਲ ਬਣ ਗਿਆ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਇੱਕਜੁਟ ਹੋ ਕੇ ਹੰਭਲਾ ਮਾਰਨ।
ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਪਲੀਤ ਹੋ ਚੁੱਕੇ ਦਰਿਆਵਾਂ ਨੂੰ ਨਿਰਮਲ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਬੁੱਢੇ ਨਾਲੇ ਨੂੰ ਮੁੜ ਦਰਿਆ ਬਣਾਉਣ ਨਾਲ ਕੀਤੀ ਜਾਵੇਗੀ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਜਿਹੜੀ ਕਿ ਮਰ ਚੁੱਕੀ ਸੀ ਉਸ ਨੂੰ ਸੰਤ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਮੁੜ ਜੀਵਤ ਕਰਕੇ ਦੁਨੀਆਂ ਭਰ ਵਿੱਚ ਇੱਕ ਮਿਸਾਲ ਪੈਦਾ ਕੀਤੀ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮਾਗਮ ਵਿੱਚ ਆਏ ਬੁਲਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਤ ਅਵਤਾਰ ਸਿੰਘ ਜੀ ਨੇ ਇਲਾਕੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਕੇ ਇਨਕਲਾਬੀ ਕੰਮ ਕੀਤੇ ਸਨ। ਉਹਨਾਂ ਦੱਸਿਆ ਕਿ ਜਿਹਨਾਂ ਸਮਿਆਂ ਵਿੱਚ ਸੰਤ ਅਵਤਾਰ ਸਿੰਘ ਜੀ ਨੇ ਕੁਟੀਆ ਦੀ ਵਾਂਗ ਡੋਰ ਸੰਭਾਲੀ ਸੀ ਉਸ ਵੇਲੇ ਦੋਨਾ ਇਲਾਕੇ ਦੇ ਪਿੰਡ ਸੀਚੇਵਾਲ ਨੂੰ ਕੋਈ ਵਿਰਲਾ ਹੀ ਜਾਣਦਾ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਦੋਆਬੇ ਇਲਾਕੇ ਵਿੱਚ ਗੁਰਬਾਣੀ ਤੇ ਵਾਤਾਵਰਣ ਦੀ ਚੇਤਨਾ ਦਾ ਬੂਟਾ ਲਗਾਉਣ ਵਾਲੇ ਵੀ ਸੰਤ ਅਵਤਾਰ ਸਿੰਘ ਜੀ ਹੀ ਹਨ, ਜਿਸਦੀ ਗੰੂਜ ਅੱਜ ਪੂਰੀ ਦੁਨੀਆਂ ਵਿੱਚ ਪਹੁੰਚ ਰਹੀ ਹੈ। ਉਹਨਾਂ ਦੱਸਿਆ ਕਿ ਉਹ ਸੰਤ ਅਵਤਾਰ ਸਿੰਘ ਜੀ ਵੱਲੋਂ ਦਰਸਾਏ ਗਏ ਸਮਾਜ ਸੇਵਾ ਦੇ ਕਾਰਜਾਂ ਤੇ ਪਹਿਰਾ ਦੇ ਰਹੇ ਹਨ ਤੇ ਗੁਰਬਾਣੀ ਦੇ ਆਸ਼ੇ ਅਨੁਸਾਰ ਉਹਨਾਂ ’ਤੇ ਚੱਲ ਰਹੇ ਹਨ।
ਜਲੰਧਰ ਲੋਕ ਸਭਾ ਹਲਕੇ ਤੋਂ ਐਮ ਪੀ ਬਣੇ ਸ਼ੁਸ਼ੀਲ ਰਿੰਕੂ ਨੇ ਵੀ ਸੰਤ ਅਵਤਾਰ ਸਿੰਘ ਹੋਰਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਸ਼੍ਰੀ ਰਿੰਕੂ ਨੇ ਕਿਹਾ ਕਿ ਉਹ ਪੂਰੀ ਸੰਜੀਦਗੀ ਨਾਲ ਸਤਲੁਜ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣਗੇ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਨਦੀਆਂ ਤੇ ਦਰਿਆਵਾਂ ਨੂੰ ਮੁੜ ਸਾਫ ਕਰਨ ਲਈ ਸੰਤ ਸੀਚੇਵਾਲ ਨਾਲ ਮਿਲਕੇ ਹਰ ਸੰਭਵ ਯਤਨ ਕਰਨਗੇ। ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਸੇਵਾ ਦੇ ਕੰਮਾਂ ਨੂੰ ਗੁਰਬਾਣੀ ਦੇ ਹਵਾਲਿਆਂ ਨਾਲ ਸਮਝਾਇਆ।
ਇਸ ਮੌਕੇ ਬਰਸੀ ਸਮਾਗਮ ਵਿੱਚ ਪਹੁੰਚੇ ਮਹਾਂਪੁਰਸ਼ਾਂ ਤੇ ਬੁਲਾਰਿਆਂ ਨੇ ਸੰਤ ਅਵਤਾਰ ਸਿੰਘ ਨੂੰ ਸ਼ਰਧਾ ਦੇ ਫੱੁਲ ਭੇਂਟ ਕੀਤੇ। ਉਹਨਾਂ ਕਿਹਾ ਕਿ ਸੰਤ ਅਵਤਾਰ ਸਿੰਘ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਤੇ ਬੇਸ਼ਕੀਮਤੀ ਤੋਹਫਾ ਇਲਾਕੇ ਦੀਆਂ ਸੰਗਤਾਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਰੂਪ ਵਿੱਚ ਦਿੱਤਾ।
ਇਸ ਮੌਕੇ ਨਿਰਮਲ ਪੰਚਾਇਤੀ ਅਖਾੜਾ ਕਨਖਲ ਦੇ ਸ਼੍ਰੀਮਹੰਤ ਗਿਆਨ ਦੇਵ ਸਿੰਘ, ਸੰਤ ਅਜੀਤ ਸਿੰਘ ਨੌਲੀਵਾਲੇ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਤੇਜਾ ਸਿੰਘ ਐਮ.ਏ, ਸੰਤ ਗੁਰਮੇਜ ਸਿੰਘ, ਸੰਤ ਬਲਦੇਵ ਕ੍ਰਿਸ਼ਨ ਸਿੰਘ, ਸੰਤ ਗਰਚਰਨ ਸਿੰਘ ਪੰਡਵਾਂ, ਸੰਤ ਬਲਵਿੰਦਰ ਸਿੰਘ ਖਡੂਰ ਸਾਹਿਬ, ਸੰਤ ਸੁਰਜੀਤ ਸਿੰਘ ਹਰਖੋਵਾਲ ਵਾਲੇ, ਜਸਵਿੰਦਰ ਸਿੰਘ ਸ਼ਾਸ਼ਤਰੀ ਸਮੇਤ ਹੋਰ ਬਹੁਤ ਸਾਰੀਆਂ ਦਾਰਮਿਕ ਸਖਸ਼ੀਅਤਾਂ ਹਾਜ਼ਰ ਸਨ।
ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ, ਆਪ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਸੁਰਜੀਤ ਸਿੰਘ ਸ਼ੰਟੀ, ਸੰਤ ਸੁਖਜੀਤ ਸਿੰਘ ਸੀਚੇਵਾਲ ਸਰਪੰਚ ਜੋਗਾ ਸਿੰਘ. ਸਰਪੰਚ ਤੇਜਿੰਦਰ ਸਿੰਘ ਰਾਗੀ ਸਮੇਤ ਹੋਰ ਰਾਜਨੀਤਿਕ ਤੇ ਸਮਾਜਿਕ ਸਖਸ਼ੀਅਤਾਂ ਵੀ ਹਾਜ਼ਰ ਸਨ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਰਸਭਿੰਨਾ ਕੀਰਤਨ ਕੀਤਾ ਤੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਨਾਲ ਜੋੜਿਆ ਗਿਆ। ਗੁਰੂ ਕੇ ਲੰਗਰ ਅਤੱੁਟ ਵਰਤਾਏ। ਪਿੰਡ ਸੀਚੇਵਾਲ ਦੀਆਂ ਨਰਸਰੀਆਂ ਵਿੱਚੋਂ ਸੰਗਤਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਬੂਟਿਆਂ ਦਾ ਪ੍ਰਸ਼ਾਦ ਮੁਫਤ ਦਿੱਤਾ ਗਿਆ।